ਮੁੰਬਈ: ਮਸ਼ਹੂਰ ਗ਼ਜ਼ਲ ਗਾਇਕ ਪੰਕਜ ਉਧਾਸ (Famous ghazal singer Pankaj Udhas) ਦਾ ਅੱਜ 72 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਉਨ੍ਹਾਂ ਦੀ ਬੇਟੀ ਨਾਯਬ ਨੇ ਸੋਸ਼ਲ ਮੀਡੀਆ ‘ਤੇ ਦਿਤੀ ਹੈ। ਗ਼ਜ਼ਲ ਗਾਇਕ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਉਨ੍ਹਾਂ ਨੇ ਅੱਜ 26 ਫਰਵਰੀ ਨੂੰ ਸਵੇਰੇ 11 ਵਜੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਖਰੀ ਸਾਹ ਲਿਆ ਹੈ। ਪੰਕਜ ਉਧਾਸ ਨੂੰ ਪ੍ਰਸਿੱਧ ਗ਼ਜ਼ਲ ‘ਚਿੱਠੀ ਆ ਗਈ’ ਤੋਂ ਖੂਬ ਪਛਾਣ ਮਿਲੀ ਸੀ।

ਪੰਕਜ ਉਧਾਸ ਦਾ ਜਨਮ 17 ਮਈ 1951 ਨੂੰ ਜੇਤਪੁਰ, ਗੁਜਰਾਤ ਵਿੱਚ ਹੋਇਆ ਸੀ। ਉਹ ਆਪਣੇ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ। ਉਨ੍ਹਾਂ ਦਾ ਪਰਿਵਾਰ ਰਾਜਕੋਟ ਦੇ ਨੇੜੇ ਚਰਖੜੀ ਨਾਮਕ ਕਸਬੇ ਦਾ ਰਹਿਣ ਵਾਲਾ ਸੀ। ਉਨ੍ਹਾਂ ਦੇ ਦਾਦਾ ਜੀ ਇਕ ਜ਼ਿਮੀਦਾਰ ਸਨ ਅਤੇ ਭਾਵਨਗਰ ਰਿਆਸਤ ਦੇ ਦੀਵਾਨ ਵੀ ਸਨ।ਉਨ੍ਹਾਂ ਦੇ ਪਿਤਾ ਕੇਸ਼ੂਭਾਈ ਉਧਾਸ ਇਕ ਸਰਕਾਰੀ ਕਰਮਚਾਰੀ ਸਨ, ਉਨ੍ਹਾਂ ਨੂੰ ਇਸਰਾਜ ਵਜਾਉਣ ਦਾ ਬਹੁਤ ਸ਼ੌਕ ਸੀ। ਉਨ੍ਹਾਂ ਦੀ ਮਾਂ ਜੀਤੂਬੇਨ ਉਧਾਸ ਨੂੰ ਗੀਤਾਂ ਦਾ ਬਹੁਤ ਸ਼ੌਕ ਸੀ।

ਇਹੀ ਕਾਰਨ ਸੀ ਕਿ ਪੰਕਜ ਉਧਾਸ ਅਤੇ ਉਨ੍ਹਾਂ ਦੇ ਦੋ ਭਰਾਵਾਂ ਦਾ ਹਮੇਸ਼ਾ ਸੰਗੀਤ ਵੱਲ ਝੁਕਾਅ ਰਿਹਾ ਸੀ।ਪੰਕਜ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਗਾਇਕੀ ‘ਚ ਆਪਣਾ ਕਰੀਅਰ ਬਣਾ ਲੈਣਗੇ। ਉਨ੍ਹੀਂ ਦਿਨੀਂ ਭਾਰਤ ਅਤੇ ਚੀਨ ਵਿਚਕਾਰ ਜੰਗ ਚੱਲ ਰਹੀ ਸੀ। ਇਸ ਦੌਰਾਨ ਲਤਾ ਮੰਗੇਸ਼ਕਰ ਦਾ ਗੀਤ ‘ਏ ਮੇਰੇ ਵਤਨ ਕੇ ਲੋਗੋਂ’ ਰਿਲੀਜ਼ ਹੋਇਆ ਸੀ। ਪੰਕਜ ਨੂੰ ਇਹ ਗੀਤ ਬਹੁਤ ਪਸੰਦ ਆਇਆ ਸੀ। ਉਨ੍ਹਾਂ ਨੇ ਇਸ ਗੀਤ ਨੂੰ ਬਿਨਾਂ ਕਿਸੇ ਦੀ ਮਦਦ ਤੋਂ ਉਸੇ ਤਾਲ ਅਤੇ ਧੁਨ ਨਾਲ ਤਿਆਰ ਕੀਤਾ ਸੀ ।

Leave a Reply