ਚੰਡੀਗੜ੍ਹ: ਸੈਕਟਰ-5 ਸਥਿਤ ਘਰ ‘ਚ ਦਾਖਲ ਹੋ ਕੇ ਫਾਰਚੂਨਰ ਗੱਡੀ ‘ਤੇ ਫਾਇਰਿੰਗ ਕਰਨ ਤੋਂ ਪਹਿਲਾਂ ਕਾਰੋਬਾਰੀ ਕੁਲਦੀਪ ਮੱਕੜ (Kuldeep Makkar) ਨੂੰ ਧਮਕੀ ਭਰਿਆ ਕਾਲ ਆਇਆ ਸੀ। ਹਾਲਾਂਕਿ ਕਾਰੋਬਾਰੀ ਨੇ ਧਮਕੀ ਭਰੀ ਕਾਲ ਨੂੰ ਨਜ਼ਰਅੰਦਾਜ਼ ਕੀਤਾ, ਪਰ ਬਾਈਕ ਸਵਾਰਾਂ ਨੇ ਉਸ ਨੂੰ ਡਰਾਉਣ ਲਈ ਉਸ ਦੀ ਕਾਰ ‘ਤੇ ਗੋਲੀਆਂ ਚਲਾ ਦਿੱਤੀਆਂ।
ਸੂਤਰਾਂ ਦੀ ਮੰਨੀਏ ਤਾਂ ਕਾਰੋਬਾਰੀ ਨੂੰ ਇਹ ਧਮਕੀ ਕੈਨੇਡਾ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਵੱਲੋਂ ਦਿੱਤੀ ਜਾ ਰਹੀ ਹੈ। ਸੈਕਟਰ-3 ਥਾਣਾ ਪੁਲਿਸ ਨੇ ਵਪਾਰੀ ਮੱਕੜ ਦੀ ਸ਼ਿਕਾਇਤ ‘ਤੇ ਅਣਪਛਾਤੇ ਬਾਈਕ ਸਵਾਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਚੰਡੀਗੜ੍ਹ ਪੁਲਿਸ ਨੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸੁਰੱਖਿਆ ਵਧਾ ਦਿੱਤੀ ਹੈ। ਪੁਲਿਸ ਅਨੁਸਾਰ ਹਵੇਲੀ ਦੇ ਬਾਹਰ ਪੰਜ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਜਿੱਥੇ ਵੀ ਕਾਰੋਬਾਰੀ ਜਾਂ ਉਸ ਦੇ ਪਰਿਵਾਰਕ ਮੈਂਬਰ ਜਾਂਦੇ ਹਨ, ਪੁਲਿਸ ਮੁਲਾਜ਼ਮ ਵੀ ਉਨ੍ਹਾਂ ਦੇ ਨਾਲ ਹੋਣਗੇ। ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਕਿਸੇ ਨੂੰ ਕੋਠੀ ਦੇ ਬਾਹਰ ਖੜ੍ਹਾ ਨਹੀਂ ਹੋਣ ਦੇ ਰਹੇ।