ਕਰਨਾਟਕ: ਇਨਫੋਰਸਮੈਂਟ ਡਾਇਰੈਕਟੋਰੇਟ (The Enforcement Directorate),(ਈ.ਡੀ) ਨੇ ਕਰਨਾਟਕ ਮਹਾਰਿਸ਼ੀ ਵਾਲਮੀਕਿ ਅਨੁਸੂਚਿਤ ਜਨਜਾਤੀ ਵਿਕਾਸ ਨਿਗਮ ਲਿਮਟਿਡ ਵਿੱਚ ਕਥਿਤ ਬੇਨਿਯਮੀਆਂ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਸਾਬਕਾ ਰਾਜ ਮੰਤਰੀ ਅਤੇ ਕਾਂਗਰਸ ਨੇਤਾ ਬੀ ਨਗੇਂਦਰ (Former Minister of State and Congress Leader B Nagendra) ਨੂੰ ਬੀਤੇ ਦਿਨ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਵਿਧਾਇਕ ਨੂੰ ਕਰੀਬ 10.30 ਵਜੇ ਏਜੰਸੀ ਦੇ ਦਫ਼ਤਰ ‘ਚ ਨਜ਼ਰਬੰਦ ਕੀਤਾ ਗਿਆ। ਉਨ੍ਹਾਂ ਤੋਂ 13 ਘੰਟੇ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ ਗਈ। ਉਨ੍ਹਾਂ ਨੂੰ ਸਵੇਰੇ ਉਨ੍ਹਾਂ ਦੀ ਰਿਹਾਇਸ਼ ਤੋਂ ਈ.ਡੀ ਦਫ਼ਤਰ ਲਿਜਾਇਆ ਗਿਆ ਸੀ।

ਨਗੇਂਦਰ ਨੂੰ ਅੱਜ ਯਾਨੀ ਸ਼ਨੀਵਾਰ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐਮ.ਐਲ.ਏ.) ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਹੈ ਜਿੱਥੇ ਈ.ਡੀ ਪੁੱਛਗਿੱਛ ਲਈ ਉਨ੍ਹਾਂ ਦੀ ਹਿਰਾਸਤ ਦੀ ਮੰਗ ਕਰੇਗਾ। ਏਜੰਸੀ ਨੇ ਵੀਰਵਾਰ ਨੂੰ ਕਰਨਾਟਕ ਸਮੇਤ ਚਾਰ ਰਾਜਾਂ ‘ਚ ਇਸ ਮਾਮਲੇ ‘ਚ ਛਾਪੇਮਾਰੀ ਕੀਤੀ ਸੀ ਅਤੇ ਹੁਣ ਤੱਕ ਕਰੀਬ 50 ਲੱਖ ਰੁਪਏ ਦੀ ਨਕਦੀ ਅਤੇ ਕੁਝ ਦਸਤਾਵੇਜ਼ ਜ਼ਬਤ ਕੀਤੇ ਹਨ। ਘੁਟਾਲੇ ਦੇ ਸਬੰਧ ਵਿੱਚ ਆਪਣੇ ਉੱਤੇ ਲੱਗੇ ਦੋਸ਼ਾਂ ਤੋਂ ਬਾਅਦ ਅਨੁਸੂਚਿਤ ਜਨਜਾਤੀ ਕਲਿਆਣ ਮੰਤਰੀ ਨਾਗੇਂਦਰ ਨੇ 6 ਜੂਨ ਨੂੰ ਅਸਤੀਫਾ ਦੇ ਦਿੱਤਾ ਸੀ। ਈ.ਡੀ ਨੇ ਪਿਛਲੇ ਦੋ ਦਿਨਾਂ ‘ਚ ਕਰਨਾਟਕ ਦੇ ਸਾਬਕਾ ਮੰਤਰੀ ਨਾਗੇਂਦਰ ਅਤੇ ਸੱਤਾਧਾਰੀ ਕਾਂਗਰਸ ਵਿਧਾਇਕ ਬਸਨਾਗੌੜਾ ਡੱਡਲ ਦੇ ਟਿਕਾਣਿਆਂ ਸਮੇਤ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ।

ਸੂਤਰਾਂ ਨੇ ਦੱਸਿਆ ਕਿ ਏਜੰਸੀ ਨੇ ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਮਹਾਰਾਸ਼ਟਰ ‘ਚ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.) ਦੇ ਤਹਿਤ ਦਰਜ ਮਾਮਲੇ ‘ਚ ਲਗਭਗ 20 ਥਾਵਾਂ ‘ਤੇ ਛਾਪੇਮਾਰੀ ਕੀਤੀ। ਕਰਨਾਟਕ ਮਹਾਰਿਸ਼ੀ ਵਾਲਮੀਕਿ ਅਨੁਸੂਚਿਤ ਜਨਜਾਤੀ ਵਿਕਾਸ ਨਿਗਮ ਲਿਮਟਿਡ ਵਿੱਚ ਫੰਡਾਂ ਦੀ ਦੁਰਵਰਤੋਂ ਦਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇਸਦੇ ਅਕਾਊਂਟਸ ਸੁਪਰਡੈਂਟ ਚੰਦਰਸ਼ੇਖਰਨ ਪੀ ਨੇ 26 ਮਈ ਨੂੰ ਖੁਦਕੁਸ਼ੀ ਕਰ ਲਈ ਸੀ।

ਮੌਕੇ ਤੋਂ ਚੰਦਰਸ਼ੇਖਰਨ ਵੱਲੋਂ ਲਿਖਿਆ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਨਿਗਮ ਦੇ ਬੈਂਕ ਖਾਤੇ ਵਿੱਚੋਂ 187 ਕਰੋੜ ਰੁਪਏ ਦੀ ਅਣਅਧਿਕਾਰਤ ਟਰਾਂਸਫਰ ਕੀਤੀ ਗਈ ਸੀ। ਇਸ ਵਿੱਚੋਂ 88.62 ਕਰੋੜ ਰੁਪਏ ਗ਼ੈਰਕਾਨੂੰਨੀ ਢੰਗ ਨਾਲ ਵੱਖ-ਵੱਖ ਖਾਤਿਆਂ ਵਿੱਚ ਭੇਜੇ ਗਏ। ਇਹ ਬੈਂਕ ਖਾਤੇ ਕਥਿਤ ਤੌਰ ‘ਤੇ ਮਸ਼ਹੂਰ ਆਈ.ਟੀ ਕੰਪਨੀਆਂ ਅਤੇ ਹੈਦਰਾਬਾਦ ਸਥਿਤ ਇੱਕ ਸਹਿਕਾਰੀ ਬੈਂਕ ਦੇ ਹਨ। ਰਾਜ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਪਾਰਟਮੈਂਟ (ਸੀ.ਆਈ.ਡੀ.) ਵਿੱਚ ਆਰਥਿਕ ਅਪਰਾਧ ਦੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਮਨੀਸ਼ ਖਰਬੀਕਰ ਦੀ ਅਗਵਾਈ ਵਿੱਚ ਇੱਕ ਐਸ.ਆਈ.ਟੀ. ਦਾ ਗਠਨ ਕੀਤਾ ਹੈ। ਐਸ.ਆਈ.ਟੀ. ਨੇ ਮੰਗਲਵਾਰ ਨੂੰ ਇਸ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿੱਚ ਨਗੇਂਦਰ ਅਤੇ ਡੱਡਲ ਤੋਂ ਪੁੱਛਗਿੱਛ ਕੀਤੀ ਸੀ।

Leave a Reply