ਪੰਚਕੂਲਾ : ਹਰਿਆਣਾ ‘ਚ ਭ੍ਰਿਸ਼ਟਾਚਾਰ ਰੋਕੂ ਬਿਊਰੋ (The Anti-Corruption Bureau) ਨੇ ਹਰਿਆਣਾ ਸਿਵਲ ਸਰਵਿਸਿਜ਼ (Haryana Civil Service Cess) (ਐੱਚ. ਸੀ. ਐੱਸ.) ਅਧਿਕਾਰੀ ਮੀਨਾਕਸ਼ੀ ਦਹੀਆ (HCS officer Meenakshi Dahiya) ਨੂੰ ਇਕ ਲੱਖ ਰੁਪਏ ਦੇ ਰਿਸ਼ਵਤ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਹੈ। ਸ਼ੁੱਕਰਵਾਰ ਦੇਰ ਰਾਤ ਗ੍ਰਿਫਤਾਰੀ ਤੋਂ ਬਾਅਦ ਦਹੀਆ ਨੂੰ ਪੰਚਕੂਲਾ ਵਿੱਚ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਿਸ਼ਵਤ ਮਾਮਲੇ ਵਿੱਚ ਐਚ.ਸੀ.ਐਸ ਅਧਿਕਾਰੀ ਮੀਨਾਕਸ਼ੀ ਦਹੀਆ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ।
ਕਥਿਤ ਤੌਰ ‘ਤੇ ਉਨ੍ਹਾਂ ਦੀ ਗ੍ਰਿਫਤਾਰੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਉਨ੍ਹਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਤੋਂ ਕੁਝ ਦਿਨ ਬਾਅਦ ਹੋਈ ਹੈ। ਜ਼ਿਕਰਯੋਗ ਹੈ ਕਿ ਮੀਨਾਕਸ਼ੀ ਦਹੀਆ ‘ਤੇ ਪੰਚਕੂਲਾ ਦੇ ਮੱਛੀ ਪਾਲਣ ਵਿਭਾਗ ਦੇ ਇਕ ਅਧਿਕਾਰੀ ਤੋਂ ਰਿਸ਼ਵਤ ਲੈਣ ਦਾ ਦੋਸ਼ ਹੈ। ਉਨ੍ਹਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਪੰਚਕੂਲਾ ਦੇ ਸੈਕਟਰ-11 ਦੇ ਰਹਿਣ ਵਾਲੇ ਜ਼ਿਲ੍ਹਾ ਮੱਛੀ ਪਾਲਣ ਅਧਿਕਾਰੀ ਰਾਜਨ ਖੋਡਾ ਤੋਂ ਚਾਰਜਸ਼ੀਟ ਵਾਪਸ ਲੈਣ ਲਈ 1 ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਹੈ।
ਦੱਸ ਦੇਈਏ ਕਿ ਰਾਜਨ ਖੋਡਾ ਨੇ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਵਿਭਾਗ ਨੇ 29 ਮਈ 2022 ਨੂੰ ਇੱਕ ਸਾਜ਼ਿਸ਼ ਤਹਿਤ ਝੂਠੇ ਦੋਸ਼ ਲਗਾ ਕੇ ਉਸਦੇ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ, ਤਾਂ ਜੋ ਉਨ੍ਹਾਂ ਦੇ ਜੂਨੀਅਰ ਕਸ਼ਮੀਰ ਸਿੰਘ ਨੂੰ ਤਰੱਕੀ ਦਿੱਤੀ ਜਾ ਸਕੇ। ਤਰੱਕੀ ਦੀ ਫਾਈਲ ਮਨਜ਼ੂਰੀ ਲਈ ਮੁੱਖ ਮੰਤਰੀ ਕੋਲ ਭੇਜੀ ਗਈ ਸੀ ਪਰ ਖੋਡਾ ਦੀ ਚਾਰਜਸ਼ੀਟ ਕਾਰਨ ਤਰੱਕੀ ਰੁਕ ਗਈ ਸੀ। ਬਾਅਦ ਵਿੱਚ ਜਾਂਚ ਵਿੱਚ ਖੋਡਾ ਨੂੰ ਨਿਰਦੋਸ਼ ਪਾਇਆ ਗਿਆ ਅਤੇ ਚਾਰਜਸ਼ੀਟ ਵਾਪਸ ਲੈਣ ਦੇ ਆਦੇਸ਼ ਜਾਰੀ ਕੀਤੇ ਗਏ। ਮੀਨਾਕਸ਼ੀ ਦਹੀਆ ਨੇ ਇਹ ਚਾਰਜਸ਼ੀਟ ਵਾਪਸ ਲੈਣ ਲਈ 1 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਉਨ੍ਹਾਂ ਨੇ 17 ਅਪ੍ਰੈਲ 2024 ਨੂੰ ਸਟੈਨੋਗ੍ਰਾਫਰ ਜੋਗਿੰਦਰ ਸਿੰਘ ਰਾਹੀਂ ਰਿਸ਼ਵਤ ਦੀ ਮੰਗ ਕੀਤੀ ਅਤੇ ਇਸ ਨੂੰ ਪੂਰਾ ਕਰਨ ਲਈ ਉਸ ਨਾਲ ਸੰਪਰਕ ਕੀਤਾ। ਬਾਅਦ ‘ਚ ਏ.ਸੀ.ਬੀ ਨੇ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਸੇਵਾਦਾਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਏ.ਸੀ.ਬੀ ਦੀ ਇਸ ਕਾਰਵਾਈ ਤੋਂ ਬਾਅਦ ਮੀਨਾਕਸ਼ੀ ਦਹੀਆ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਹੁਣ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।