ਜਲੰਧਰ : ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਨੇ ਭਾਰਤ ਅਤੇ ਪਾਕਿਸਤਾਨ ਦੇ ਤਣਾਅ ਵਿਚਾਲੇ ਇਕ ਵਾਰ ਫਿਰ ਲੋਕਾਂ ਦੀ ਮਦਦ ਲਈ ਹੱਥ ਵਧਾਏ ਹਨ। ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦੇ ਨਿਰਦੇਸ਼ਾਂ ‘ਤੇ ਜੰਮੂ-ਕਸ਼ਮੀਰ ਤੋਂ ਇਲਾਵਾ ਰਾਜਸਥਾਨ ਅਤੇ ਪੰਜਾਬ ਦੇ ਸਾਰੇ ਸਤਿਸੰਗ ਘਰਾਂ ਦੇ ਦਰਵਾਜ਼ੇ ਜੰਗ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਲਈ ਖੋਲ੍ਹ ਦਿੱਤੇ ਗਏ ਹਨ।
ਅਜਿਹੇ ਹਲਾਤਾਂ ਵਿਚਾਲੇ ਐਮਰਜੈਂਸੀ ਦੀ ਸਥਿਤੀ ਵਿੱਚ ਲੋਕ ਸਤਿਸੰਗ ਘਰਾਂ ਵਿੱਚ ਆ ਕੇ ਰਹਿ ਸਕਦੇ ਹਨ। ਉਨ੍ਹਾਂ ਨੂੰ ਉੱਥੇ ਰਿਹਾਇਸ਼ ਅਤੇ ਖਾਣ-ਪੀਣ ਸਹੂਲਤਾਂ ਵੀ ਮਿਲ ਰਹੀਆਂ ਹਨ। ਸਰਹੱਦੀ ਖੇਤਰਾਂ ਵਿਚ ਸਤਿਸੰਗ ਘਰਾਂ ਵਿਚ ਜਨਤਾ ਲਈ ਲੰਗਰ ਚੱਲ ਰਹੇ ਹਨ। ਇਹ ਅਧਿਆਤਮਿਕ ਕੇਂਦਰ ਸਥਾਨਕ ਭਾਈਚਾਰਿਆਂ ਅਤੇ ਸੈਲਾਨੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲੰਗਰ ਵੀ ਪਰੋਸ ਰਹੇ ਹਨ। ਇਸ ਦੀ ਸ਼ੁਰੂਆਤ ਜੰਮੂ ਦੇ ਰਾਧਾ ਸੁਆਮੀ ਸਤਿਸੰਗ ਘਰ ਤੋਂ ਸ਼ੁਰੂ ਹੋ ਚੁੱਕੀ ਹੈ। ਇਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਬੀਤੇ ਦਿਨ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਅਮਰ ਅਬਦੁੱਲਾ ਅਤੇ ਕੈਬਨਿਟ ਮੰਤਰੀ ਸਤੀਸ਼ ਸ਼ਰਮਾ ਨੇ ਵੀ ਸਤਿਸੰਗ ਘਰ ਦਾ ਦੌਰਾ ਕੀਤਾ ਅਤੇ ਸ਼ਰਨਾਰਥੀਆਂ ਨਾਲ ਮੁਲਾਕਾਤ ਕੀਤੀ। ਇਹ ਪਹਿਲਕਦਮੀ ਇਕ ਮਹੱਤਵਪੂਰਨ ਸਮੇਂ ‘ਤੇ ਆਈ ਹੈ, ਜੋ ਸਰਹੱਦੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਵਧਦੀਆਂ ਜ਼ਰੂਰਤਾਂ ਨੂੰ ਸੰਬੋਧਿਤ ਕਰਦੀ ਹੈ। ਇਸ ਪਹਿਲਕਦਮੀ ਦਾ ਉਦੇਸ਼ ਸਰਹੱਦੀ ਖੇਤਰਾਂ ‘ਚ ਅਤੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਦਿਲਾਸਾ, ਹਮਦਰਦੀ ਅਤੇ ਰੋਜ਼ੀ-ਰੋਟੀ ਪ੍ਰਦਾਨ ਕਰਨਾ ਹੈ
ਭੋਜਨ ਅਤੇ ਆਸਰਾ ਦੇ ਕੇ ਡੇਰਾ ਬਿਆਸ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਇਨ੍ਹਾਂ ਖੇਤਰਾਂ ਵਿੱਚ ਕੋਈ ਵੀ ਵਿਅਕਤੀ ਮੁੱਢਲੀਆਂ ਜ਼ਰੂਰਤਾਂ ਤੋਂ ਬਿਨਾਂ ਨਾ ਰਹੇ। ਜ਼ਿਕਰਯੋਗ ਹੈ ਕਿ ਕੋਰੋਨਾ ਕਾਲ ਦੌਰਾਨ ਵੀ ਡੇਰਾ ਬਿਆਸ ਨੇ ਦੇਸ਼ ਭਰ ਵਿੱਚ ਸਥਿਤ ਸਤਿਸੰਗ ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਨ ਅਤੇ ਰੋਜ਼ਾਨਾ ਲੱਖਾਂ ਲੋਕਾਂ ਨੂੰ ਮੁਫ਼ਤ ਲੰਗਰ ਛਕਾਇਆ ਸੀ।
The post ਭਾਰਤ ਤੇ ਪਾਕਿਸਤਾਨ ਦੇ ਵਧਦੇ ਤਣਾਅ ਵਿਚਾਲੇ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਨੇ ਚੁੱਕਿਆ ਅਹਿਮ ਕਦਮ appeared first on TimeTv.
Leave a Reply