ਕੈਨੇਡਾ : ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਟਰੂਡੋ ਸਰਕਾਰ ਦੇ ਚਾਰ ਮੰਤਰੀਆਂ ਨੇ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਹੈ। ਇਨ੍ਹਾਂ ਚਾਰ ਮੰਤਰੀਆਂ ਦੇ ਐਲਾਨ ਤੋਂ ਬਾਅਦ ਜਸਟਿਨ ਟਰੂਡੋ ਜਲਦ ਹੀ ਕੈਬਨਿਟ ਵਿੱਚ ਫੇਰਬਦਲ ਕਰਨਗੇ ਅਤੇ ਨਵੇਂ ਮੰਤਰੀਆਂ ਨੂੰ ਕੈਬਨਿਟ ਵਿੱਚ ਸ਼ਾਮਲ ਕੀਤਾ ਜਾਵੇਗਾ। ਜਿਨ੍ਹਾਂ ਮੰਤਰੀਆਂ ਨੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਵਿੱਚ ਫਿਲੋਮੇਨਾ ਟੈਸੀ, ਮੈਰੀ ਕਲਾਉਡ, ਡੈਨ ਵੈਂਡਲ ਅਤੇ ਕਾਰਲਾ ਕੁਆਲਟਰੋ ਸ਼ਾਮਲ ਹਨ। ਦਰਅਸਲ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲੋਕਪ੍ਰਿਅਤਾ ਕੈਨੇਡਾ ਵਿੱਚ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ। ਐਂਗਸ ਰੀਡ ਇੰਸਟੀਚਿਊਟ ਦੁਆਰਾ ਪਿਛਲੇ ਸਤੰਬਰ ਵਿੱਚ ਕਰਵਾਏ ਗਏ ਇੱਕ ਸਰਵੇਖਣ ਅਨੁਸਾਰ, 39 ਪ੍ਰਤੀਸ਼ਤ ਕੈਨੇਡੀਅਨਾਂ ਨੇ ਉਨ੍ਹਾਂ ਨੂੰ ਨਾਪਸੰਦ ਕੀਤਾ। ਜਦਕਿ ਹੁਣ ਇਹ ਅੰਕੜਾ 65 ਫੀਸਦੀ ਹੋ ਗਿਆ ਹੈ। ਪਿਛਲੇ ਸਾਲ ਤੱਕ ਕੈਨੇਡਾ ਵਿੱਚ ਟਰੂਡੋ ਦੀ ਲੋਕਪ੍ਰਿਅਤਾ 51 ਫੀਸਦੀ ਸੀ, ਜੋ ਹੁਣ ਘਟ ਕੇ 30 ਫੀਸਦੀ ਰਹਿ ਗਈ ਹੈ।

ਜਸਟਿਨ ਟਰੂਡੋ ਨੂੰ ਆਪਣੀ ਹੀ ਪਾਰਟੀ ਲਿਬਰਲ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪਾਰਟੀ ਦੇ ਕਈ ਆਗੂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੇ ਹੱਕ ਵਿੱਚ ਹਨ। ਪਰ ਜਸਟਿਨ ਟਰੂਡੋ ਨੂੰ ਲੱਗਦਾ ਹੈ ਕਿ ਉਹ ਲਿਬਰਲ ਪਾਰਟੀ ਦੇ ਇੱਕੋ ਇੱਕ ਆਗੂ ਹਨ, ਜੋ ਅਗਲੀਆਂ ਚੋਣਾਂ ਵਿੱਚ ਪਾਰਟੀ ਨੂੰ ਬਹੁਮਤ ਦੇ ਅੰਕੜੇ ਤੱਕ ਲੈ ਜਾ ਸਕਦੇ ਹਨ। ਇਸ ਦੌਰਾਨ, ਸੀ.ਬੀ.ਸੀ ਦੇ ਪੋਲ ਟ੍ਰੈਕਰ ਵਿੱਚ ਟਰੂਡੋ ਦੀ ਲਿਬਰਲ ਪਾਰਟੀ ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਤੋਂ 20 ਪ੍ਰਤੀਸ਼ਤ ਅੰਕਾਂ ਨਾਲ ਪਛੜਦੀ ਵੀ ਦਿਖਾਈ ਦਿੰਦੀ ਹੈ।

ਅਸਲ ਵਿਚ ਆਪਣੀ ਘਰੇਲੂ ਨਾਕਾਮੀ ਤੋਂ ਧਿਆਨ ਹਟਾਉਣ ਲਈ ਜਸਟਿਨ ਟਰੂਡੋ ਰਾਸ਼ਟਰਵਾਦ ਅਤੇ ਪ੍ਰਭੂਸੱਤਾ ਦਾ ਮੁੱਦਾ ਉਠਾ ਰਹੇ ਹਨ ਅਤੇ ਇਸ ਸੰਦਰਭ ਵਿਚ ਉਨ੍ਹਾਂ ਕੈਨੇਡਾ ਵਿਚ ਵਿਦੇਸ਼ੀ ਦਖਲਅੰਦਾਜ਼ੀ ਦਾ ਮੁੱਦਾ ਉਠਾਇਆ ਹੈ। ਭਾਰਤ ‘ਤੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਾ ਦੋਸ਼ ਲਗਾਉਣ ਤੋਂ ਇਲਾਵਾ, ਟਰੂਡੋ ਨੇ ਕੈਨੇਡਾ ‘ਚ ਵਿਰੋਧੀ ਧਿਰ ਦੇ ਨੇਤਾ ਪੋਲੀਵ ਪੀਅਰੇ ਦੀ ਪਾਰਟੀ ਦੇ ਸੰਸਦ ਮੈਂਬਰਾਂ ‘ਤੇ ਵਿਦੇਸ਼ੀ ਦਖਲਅੰਦਾਜ਼ੀ ‘ਚ ਸ਼ਾਮਲ ਹੋਣ ਦਾ ਦੋਸ਼ ਵੀ ਲਗਾਇਆ ਹੈ। ਹਾਲਾਂਕਿ, ਪੀਅਰੇ ਨੇ ਜਵਾਬੀ ਹਮਲਾ ਕੀਤਾ ਹੈ ਅਤੇ ਟਰੂਡੋ ਤੋਂ ਉਨ੍ਹਾਂ ਸੰਸਦ ਮੈਂਬਰਾਂ ਦੀ ਸੂਚੀ ਮੰਗੀ ਹੈ। ਜਿਨ੍ਹਾਂ ‘ਤੇ ਵਿਦੇਸ਼ੀ ਤਾਕਤਾਂ ਨਾਲ ਮਿਲੀਭੁਗਤ ਦਾ ਦੋਸ਼ ਹੈ।

Leave a Reply