ਭਾਰਤ ‘ਚ EVM ਇੱਕ ਬਲੈਕ ਬਾਕਸ ਹਨ, ਰਾਹੁਲ ਗਾਂਧੀ ਨੇ ਉਠਾਏ ਫਿਰ ਸਵਾਲ
By admin / June 16, 2024 / No Comments / Punjabi News
ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਭਾਰਤ ‘ਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (EVM) ਇਕ ‘ਬਲੈਕ ਬਾਕਸ’ ਹੈ, ਜਿਸ ਨੂੰ ਕਿਸੇ ਨੂੰ ਵੀ ਚੈੱਕ ਕਰਨ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਨੂੰ ਲੈ ਕੇ ‘ਗੰਭੀਰ ਚਿੰਤਾਵਾਂ’ ਉਠਾਈਆਂ ਜਾ ਰਹੀਆਂ ਹਨ।
ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ਕਰਦੇ ਹੋਏ ਕਿਹਾ, ‘ਜਦੋਂ ਸੰਸਥਾਵਾਂ ਵਿੱਚ ਜਵਾਬਦੇਹੀ ਨਹੀਂ ਹੁੰਦੀ ਹੈ, ਤਾਂ ਲੋਕਤੰਤਰ ਇੱਕ ਧੋਖਾ ਬਣ ਕੇ ਰਹਿ ਜਾਂਦਾ ਹੈ ਅਤੇ ਧਾਂਦਲੀ ਦੀ ਸੰਭਾਵਨਾ ਵੱਧ ਜਾਂਦੀ ਹੈ।’ ਇਸ ਪੋਸਟ ਦੇ ਨਾਲ, ਗਾਂਧੀ ਨੇ ਇੱਕ ਖ਼ਬਰ ਵੀ ਸਾਂਝੀ ਕੀਤੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਮੁੰਬਈ ਦੀ ਉੱਤਰ-ਪੱਛਮੀ ਲੋਕ ਸਭਾ ਸੀਟ ਤੋਂ 48 ਵੋਟਾਂ ਨਾਲ ਜਿੱਤਣ ਵਾਲੇ ਸ਼ਿਵ ਸੈਨਾ ਉਮੀਦਵਾਰ ਦੇ ਰਿਸ਼ਤੇਦਾਰ ਦਾ ਇੱਕ ਫੋਨ ਸੀ ਜਿਸ ਨਾਲ ਈ.ਵੀ.ਐਮ ਨਾਲ ਛੇੜਛਾੜ ਸੰਭਵ ਹੋ ਗਈ ਸੀ।
ਸਾਬਕਾ ਕਾਂਗਰਸ ਪ੍ਰਧਾਨ ਨੇ ‘ਐਕਸ’ ‘ਤੇ ਐਲੋਨ ਮਸਕ ਦੀ ਪੋਸਟ ਵੀ ਸਾਂਝੀ ਕੀਤੀ ਜਿਸ ‘ਚ ਮਸਕ ਨੇ ਈ.ਵੀ.ਐਮ ਨੂੰ ਹਟਾਉਣ ਦੀ ਗੱਲ ਕੀਤੀ ਸੀ। ਮਸਕ ਨੇ ਆਪਣੀ ਪੋਸਟ ਵਿੱਚ ਕਿਹਾ ਸੀ, “ਸਾਨੂੰ ਈ.ਵੀ.ਐਮ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ। ਇਨਸਾਨਾਂ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੁਆਰਾ ਹੈਕ ਕੀਤੇ ਜਾਣ ਦਾ ਖ਼ਤਰਾ, ਭਾਵੇਂ ਛੋਟਾ ਹੈ, ਫਿਰ ਵੀ ਬਹੁਤ ਜ਼ਿਆਦਾ ਹੈ।’ ਵਿਰੋਧੀ ਪਾਰਟੀਆਂ ਪਿਛਲੇ ਕੁਝ ਸਮੇਂ ਤੋਂ ਈ.ਵੀ.ਐਮ ‘ਤੇ ਚਿੰਤਾ ਜਤਾ ਰਹੀਆਂ ਹਨ ਅਤੇ ਉਨ੍ਹਾਂ ਨੇ ‘ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟ੍ਰੇਲ’ (VVPAT) ਦੀਆਂ ਸਲਿੱਪਾਂ ਦੇ 100 ਫੀਸਦੀ ਮੈਚਿੰਗ ਲਈ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ, ਪਰ ਅਦਾਲਤ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ।