Advertisement

ਭਾਰਤੀ ਰੇਲਵੇ ਛੇਤੀ ਹੀ ਦੋ ਹਫਤਾਵਾਰੀ ਰੇਲ ਗੱਡੀਆਂ ਕਰੇਗੀ ਸ਼ੁਰੂ

ਫਰੀਦਕੋਟ : ਭਾਰਤੀ ਰੇਲਵੇ ਛੇਤੀ ਹੀ ਦੋ ਹਫਤਾਵਾਰੀ ਰੇਲ ਗੱਡੀਆਂ ਸ਼ੁਰੂ ਕਰੇਗੀ, ਜਿਨ੍ਹਾਂ ਵਿੱਚ ਫਿਰੋਜ਼ਪੁਰ ਤੋਂ ਨਾਂਦੇੜ ਸਾਹਿਬ ਵਾਇਆ ਫਰੀਦਕੋਟ ਅਤੇ ਫਿਰੋਜ਼ਪੁਰ ਤੋਂ ਬਠਿੰਡਾ ਹੁੰਦੇ ਹੋਏ ਹਰਿਦੁਆਰ ਸ਼ਾਮਲ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਉਨ੍ਹਾਂ ਨੇ ਫਰੀਦਕੋਟ ਦੇ ਲੋਕਾਂ ਦੀਆਂ ਸਮੱਸਿਆਵਾਂ ਸਬੰਧੀ ਭਾਰਤ ਸਰਕਾਰ ਦੇ ਰੇਲ ਵਿਭਾਗ ਦੇ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ 22 ਜੁਲਾਈ 2024 ਨੂੰ ਪੱਤਰ ਨੰਬਰ 717 ਲਿਖਿਆ ਸੀ। ਜਿਸ ਵਿੱਚ ਉਨ੍ਹਾਂ ਬਠਿੰਡਾ-ਫਿਰੋਜ਼ਪੁਰ ਰੇਲਵੇ ਟਰੈਕ ਨੂੰ ਦੋਹਰੇ ਕਰਨ, ਫਿਰੋਜ਼ਪੁਰ ਤੋਂ ਨਾਂਦੇੜ ਸਾਹਿਬ ਵਾਇਆ ਫਰੀਦਕੋਟ, ਫਿਰੋਜ਼ਪੁਰ ਤੋਂ ਹਰਿਦੁਆਰ ਵਾਇਆ ਬਠਿੰਡਾ, ਫਿਰੋਜ਼ਪੁਰ ਤੋਂ ਅੰਬਾਲਾ ਕੈਂਟ ਵਾਇਆ ਬਠਿੰਡਾ (ਇੰਟਰਸਿਟੀ ਐਕਸਪ੍ਰੈਸ), ਫਿਰੋਜ਼ਪੁਰ-ਚੰਡੀਗੜ੍ਹ ਐਕਸਪ੍ਰੈਸ ਰੇਲ ਗੱਡੀ ਨੰਬਰ ਸਮੇਤ 02 ਰੇਲ ਗੱਡੀਆਂ ਦਾ ਵਿਸਥਾਰ ਕਰਨ ਦੀ ਮੰਗ ਕੀਤੀ।

ਦਿੱਲੀ-ਬਠਿੰਡਾ ਸੁਪਰਫਾਸਟ ਟ੍ਰੇਨ ਨੰਬਰ 14613/14 ਨੂੰ ਫਿਰੋਜ਼ਪੁਰ ਤੱਕ ਬਹਾਲ ਕਰਨ ਤੋਂ ਇਲਾਵਾ, ਜਨਤਾ ਐਕਸਪ੍ਰੈਸ (ਮੁੰਬਈ-ਫਿਰੋਜ਼ਪੁਰ) ਟ੍ਰੇਨ ਨੰਬਰ 19023/24, ਸ਼ਤਾਬਦੀ ਐਕਸਪ੍ਰੈਸ (ਫ਼ਿਰੋਜ਼ਪੁਰ-ਨਵੀਂ ਦਿੱਲੀ) ਟ੍ਰੇਨ ਨੰਬਰ 12046/47, ਅੰਤਯੋਦਿਆ ਸੁਪਰਫਾਸਟ (ਦੁਰਗ-ਫ਼ਿਰੋਜ਼ਪੁਰ) ਟ੍ਰੇਨ ਨੰਬਰ 22855/56 ਨੂੰ ਬਹਾਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਪਰੋਕਤ ਤੋਂ ਇਲਾਵਾ, ਅਜਮੇਰ-ਸ੍ਰੀ ਅੰਮ੍ਰਿਤਸਰ ਸਾਹਿਬ ਐਕਸਪ੍ਰੈਸ ਟ੍ਰੇਨ ਨੰਬਰ 19611/12, ਜੋ ਹਫ਼ਤੇ ਵਿੱਚ ਦੋ ਵਾਰ ਚੱਲਦੀ ਹੈ, ਨੂੰ ਰੋਜ਼ਾਨਾ ਚਲਾਉਣ ਦੀ ਮੰਗ ਕੀਤੀ ਗਈ ਸੀ। ਇਸ ਤੋਂ ਇਲਾਵਾ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਰਵਨੀਤ ਸਿੰਘ ਬਿੱਟੂ ਤੋਂ ਮੰਗ ਕੀਤੀ ਸੀ ਕਿ ਪਲੇਟਫਾਰਮ ਨੰਬਰ 02 ਫਰੀਦਕੋਟ ਰੇਲਵੇ ਸਟੇਸ਼ਨ ਦੀ ਲੰਬਾਈ ਰੇਲ ਗੱਡੀਆਂ ਦੀ ਲੰਬਾਈ ਤੋਂ ਘੱਟ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਪਲੇਟਫਾਰਮ ਨੂੰ ਰੇਲ ਗੱਡੀਆਂ ਦੀ ਲੰਬਾਈ ਦੇ ਅਨੁਸਾਰ ਲੰਮਾ ਕੀਤਾ ਜਾਵੇ। ਇਸ ਤੋਂ ਇਲਾਵਾ, ਸ਼ਹਿਰ ਵਿੱਚ ਟ੍ਰੈਫਿਕ ਸਮੱਸਿਆ ਦੇ ਮੱਦੇਨਜ਼ਰ, ਫਰੀਦਕੋਟ ਦੇ ਵਿਧਾਇਕ ਨੇ ਫਰੀਦਕੋਟ-ਬੀੜ ਚਾਹਲ ਰੋਡ, ਕੋਟਕਪੂਰਾ ਬਾਈਪਾਸ, ਪੱਕੀ-ਪਹਿਲੂਵਾਲਾ ਰੋਡ, ਭੋਲੂਵਾਲਾ ਰੋਡ ‘ਤੇ ਪੁਲ ਬਣਾਉਣ ਦੀ ਮੰਗ ਵੀ ਕੀਤੀ ਸੀ। ਰਵਨੀਤ ਸਿੰਘ ਬਿੱਟੂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਸੇਖੋਂ ਨੇ ਕਿਹਾ ਕਿ ਰੇਲਵੇ ਜਲਦੀ ਹੀ ਦੋ ਹਫਤਾਵਾਰੀ ਰੇਲ ਗੱਡੀਆਂ ਸ਼ੁਰੂ ਕਰੇਗਾ, ਜਿਨ੍ਹਾਂ ਵਿੱਚ ਫਿਰੋਜ਼ਪੁਰ ਤੋਂ ਨਾਂਦੇੜ ਸਾਹਿਬ ਵਾਇਆ ਫਰੀਦਕੋਟ ਅਤੇ ਫਿਰੋਜ਼ਪੁਰ ਤੋਂ ਹਰਿਦੁਆਰ ਵਾਇਆ ਬਠਿੰਡਾ ਸ਼ਾਮਲ ਹਨ। ਫਰੀਦਕੋਟ ਦੇ ਲੋਕਾਂ ਨੇ ਵੀ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਮੰਗ ਕੀਤੀ ਕਿ ਉਹ ਉਪਰੋਕਤ ਬਾਕੀ ਸਮੱਸਿਆਵਾਂ ਦਾ ਵੀ ਜਲਦੀ ਹੱਲ ਕਰਨ।

The post ਭਾਰਤੀ ਰੇਲਵੇ ਛੇਤੀ ਹੀ ਦੋ ਹਫਤਾਵਾਰੀ ਰੇਲ ਗੱਡੀਆਂ ਕਰੇਗੀ ਸ਼ੁਰੂ appeared first on TimeTv.

Leave a Reply

Your email address will not be published. Required fields are marked *