ਸਪੋਰਟਸ ਡੈਸਕ : ਭਾਰਤੀ ਰਾਈਫਲ ਅਤੇ ਪਿਸਟਲ ਨਿਸ਼ਾਨੇਬਾਜ਼ਾਂ ਨੇ ਪੇਰੂ ਦੇ ਲੀਮਾ ਵਿੱਚ ਅੰਤਰਰਾਸ਼ਟਰੀ ਸ਼ੂਟਿੰਗ ਸਪੋਰਟਸ ਫੈਡਰੇਸ਼ਨ (ਆਈ.ਐਸ.ਐਸ.ਐਫ) ਦੀ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ (Junior World Championships) ਵਿੱਚ ਕ੍ਰਮਵਾਰ 10 ਮੀਟਰ ਮਿਸ਼ਰਤ ਟੀਮ ਮੁਕਾਬਲਿਆਂ ਵਿੱਚ ਦੋ ਕਾਂਸੀ ਦੇ ਤਗਮੇ ਜਿੱਤੇ। ਮੁਕਾਬਲੇ ਦੇ ਦੂਜੇ ਦਿਨ ਕਾਂਸੀ ਦਾ ਤਗਮਾ ਜਿੱਤਣ ਨਾਲ, ਭਾਰਤ ਦੇ ਤਗਮੇ ਦੀ ਗਿਣਤੀ ਵਧ ਕੇ ਪੰਜ ਹੋ ਗਈ, ਜਿਸ ਵਿੱਚ ਦੋ ਸੋਨ ਅਤੇ ਤਿੰਨ ਕਾਂਸੀ ਦੇ ਤਗਮੇ ਸ਼ਾਮਲ ਹਨ।
ਰਾਈਫਲ ਨਿਸ਼ਾਨੇਬਾਜ਼ਾਂ ਦੇ ਕੁਆਲੀਫਿਕੇਸ਼ਨ ਦੌਰ ਵਿੱਚ ਗੌਤਮੀ ਭਨੋਟ ਅਤੇ ਅਜੈ ਮਲਿਕ ਦੀ ਭਾਰਤੀ ਜੋੜੀ 628.9 ਦੇ ਸੰਯੁਕਤ ਸਕੋਰ ਨਾਲ 34 ਟੀਮਾਂ ਵਿੱਚੋਂ ਤੀਜੇ ਸਥਾਨ ’ਤੇ ਰਹੀ। ਇਸ ਤੋਂ ਬਾਅਦ ਭਾਰਤੀ ਟੀਮ ਨੇ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਕ੍ਰੋਏਸ਼ੀਆ ਨੂੰ 17-9 ਨਾਲ ਹਰਾਇਆ। ਚੀਨ ਨੇ ਫਾਈਨਲ ਵਿੱਚ ਫਰਾਂਸ ਨੂੰ ਹਰਾ ਕੇ ਮੁਕਾਬਲੇ ਦਾ ਪਹਿਲਾ ਸੋਨ ਤਗ਼ਮਾ ਜਿੱਤਿਆ। ਇਸੇ ਈਵੈਂਟ ਵਿੱਚ ਅਭਿਨਵ ਸਾਓ ਅਤੇ ਸ਼ੰਭਵੀ ਕਸ਼ੀਰਸਾਗਰ ਦੀ ਭਾਰਤ ਦੀ ਦੂਜੀ ਜੋੜੀ 628.1 ਦੇ ਸਕੋਰ ਨਾਲ ਛੇਵੇਂ ਸਥਾਨ ’ਤੇ ਰਹੀ।
ਮਿਕਸਡ ਪਿਸਟਲ ਮੁਕਾਬਲੇ ਵਿੱਚ, ਦੋਵੇਂ ਭਾਰਤੀ ਜੋੜੀ ਕੁਆਲੀਫਿਕੇਸ਼ਨ ਵਿੱਚ ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ ‘ਤੇ ਰਹੀ, ਜਿਸ ਨਾਲ ਉਨ੍ਹਾਂ ਨੂੰ ਕਾਂਸੀ ਦੇ ਤਗਮੇ ਲਈ ਮੁਕਾਬਲਾ ਕਰਨਾ ਪਿਆ। ਲਕਸ਼ਿਤਾ ਅਤੇ ਪ੍ਰਮੋਦ ਦੀ ਜੋੜੀ ਨੇ ਕਨਿਸ਼ਕ ਡਾਗਰ ਅਤੇ ਮੁਕੇਸ਼ ਨੇਲਾਵਾਲੀ ਦੀ ਜੋੜੀ ‘ਤੇ 16-8 ਨਾਲ ਜਿੱਤ ਦਰਜ ਕੀਤੀ। ਜਰਮਨੀ ਨੇ ਸੋਨ ਤਗਮਾ ਜਿੱਤਿਆ ਜਦਕਿ ਯੂਕਰੇਨ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ। ਲਕਸ਼ਿਤਾ ਦਾ ਇਹ ਮੁਕਾਬਲੇ ਦਾ ਦੂਜਾ ਤਮਗਾ ਸੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਉਨ੍ਹਾਂ ਨੇ ਏਅਰ ਪਿਸਟਲ ਟੀਮ ਈਵੈਂਟ ‘ਚ ਵੀ ਸੋਨ ਤਮਗਾ ਜਿੱਤਿਆ ਸੀ।
The post ਭਾਰਤੀ ਰਾਈਫਲ ‘ਤੇ ਪਿਸਟਲ ਨਿਸ਼ਾਨੇਬਾਜ਼ਾਂ ਨੇ 10 ਮੀਟਰ ਮਿਸ਼ਰਤ ਟੀਮ ਮੁਕਾਬਲਿਆਂ ‘ਚ ਜਿੱਤੇ ਦੋ ਕਾਂਸੀ ਦੇ ਤਗਮੇ appeared first on Time Tv.