ਭਾਰਤੀ ਖਿਡਾਰਨ ਤਨਵੀ ਪਾਤਰੀ ਨੇ ਏਸ਼ੀਅਨ ਅੰਡਰ-15 ਖਿਤਾਬ ਜਿੱਤਿਆ
By admin / August 25, 2024 / No Comments / Punjabi News
ਸਪੋਰਟਸ ਡੈਸਕ : ਭਾਰਤੀ ਖਿਡਾਰਨ ਤਨਵੀ ਪਾਤਰੀ (Indian player Tanvi Patri) ਨੇ ਚੀਨ ਦੇ ਚੇਂਗਦੂ ‘ਚ ਐਤਵਾਰ ਨੂੰ ਯਾਨੀ ਅੱਜ ਖੇਡੇ ਗਏ ਫਾਈਨਲ ‘ਚ ਵੀਅਤਨਾਮ ਦੀ ਥੀ ਥੂ ਹੁਏਨ ਗੁਏਨ ਨੂੰ ਸਿੱਧੇ ਗੇਮਾਂ ‘ਚ ਹਰਾ ਕੇ ਬੈਡਮਿੰਟਨ ਏਸ਼ੀਆ ਅੰਡਰ-17 ਅਤੇ ਅੰਡਰ-15 ਜੂਨੀਅਰ ਚੈਂਪੀਅਨਸ਼ਿਪ ‘ਚ ਅੰਡਰ-15 ਵਰਗ ‘ਚ ਲੜਕੀਆਂ ਦਾ ਸਿੰਗਲ ਖਿਤਾਬ ਜਿੱਤਿਆ।
ਸਿਖਰਲਾ ਦਰਜਾ ਪ੍ਰਾਪਤ 13 ਸਾਲਾ ਤਨਵੀ ਨੇ 34 ਮਿੰਟ ਤੱਕ ਚੱਲੇ ਫਾਈਨਲ ਮੁਕਾਬਲੇ ਵਿੱਚ ਆਪਣੀ ਦੂਜੀ ਦਰਜਾ ਪ੍ਰਾਪਤ ਵਿਰੋਧੀ ਨੂੰ 22-20, 21-11 ਨਾਲ ਹਰਾਇਆ। ਇਸ ਜਿੱਤ ਦੇ ਨਾਲ ਤਨਵੀ ਸਾਮੀਆ ਇਮਾਦ ਫਾਰੂਕੀ ਅਤੇ ਤਸਨੀਮ ਮੀਰ ਦੀ ਸੂਚੀ ਵਿੱਚ ਸ਼ਾਮਲ ਹੋ ਗਈ, ਜਿਨ੍ਹਾਂ ਨੇ ਕ੍ਰਮਵਾਰ 2017 ਅਤੇ 2019 ਵਿੱਚ ਅੰਡਰ-15 ਲੜਕੀਆਂ ਦਾ ਸਿੰਗਲ ਖਿਤਾਬ ਜਿੱਤਿਆ ਸੀ। ਤਨਵੀ ਨੇ ਪੂਰੇ ਟੂਰਨਾਮੈਂਟ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ ਅਤੇ ਪੰਜ ਮੈਚਾਂ ਵਿੱਚ ਇੱਕ ਵੀ ਗੇਮ ਨਹੀਂ ਹਾਰੀ।
ਫਾਈਨਲ ਦੀ ਪਹਿਲੀ ਗੇਮ ‘ਚ ਤਨਵੀ ਇਕ ਸਮੇਂ 11-17 ਨਾਲ ਪਿੱਛੇ ਚਲ ਰਹੀ ਸੀ ਪਰ ਇਸ ਤੋਂ ਬਾਅਦ ਵੀਅਤਨਾਮ ਦੀ ਖਿਡਾਰੀ ਨੇ ਕਈ ਗਲਤੀਆਂ ਕੀਤੀਆਂ, ਜਿਸ ਦਾ ਫਾਇਦਾ ਉਠਾਉਂਦੇ ਹੋਏ ਭਾਰਤੀ ਖਿਡਾਰਨ ਪਹਿਲੀ ਗੇਮ ਜਿੱਤਣ ‘ਚ ਸਫ਼ਲ ਰਹੀ। ਤਨਵੀ ਨੇ ਦੂਜੀ ਗੇਮ ਵਿੱਚ ਆਪਣੀ ਵਿਰੋਧੀ ਖਿਡਾਰਨ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਮੈਚ ਜਿੱਤ ਕੇ ਸੋਨ ਤਮਗਾ ਜਿੱਤਿਆ। ਇਸ ਤਰ੍ਹਾਂ ਭਾਰਤ ਨੇ ਇਸ ਮੁਕਾਬਲੇ ਵਿੱਚ ਇੱਕ ਸੋਨ ਅਤੇ ਇੱਕ ਕਾਂਸੀ ਦਾ ਤਗ਼ਮਾ ਜਿੱਤਿਆ। ਗਿਆਨ ਦੱਤੂ ਟੀ.ਟੀ ਨੇ ਬੀਤੇ ਦਿਨ ਅੰਡਰ-17 ਵਰਗ ‘ਚ ਲੜਕਿਆਂ ਦੇ ਸਿੰਗਲ ਮੁਕਾਬਲੇ ‘ਚ ਕਾਂਸੀ ਦਾ ਤਗਮਾ ਜਿੱਤਿਆ ਸੀ।