November 5, 2024

ਭਾਜਪਾ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਨੂੰ ਪਾਰਟੀ ਤੋਂ ਕਰ ਸਕਦੀ ਹੈ ਬਰਖਾਸਤ

ਜਲੰਧਰ : ਜਲੰਧਰ ਪੱਛਮੀ ਤੋਂ ਉਪ ਚੋਣ ‘ਚ ਮਿਲੀ ਹਾਰ ਤੋਂ ਬਾਅਦ ਭਾਰਤੀ ਜਨਤਾ ਪਾਰਟੀ (BJP) ਨੇ ਕਈ ਨੇਤਾਵਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਸੂਤਰਾਂ ਤੋਂ ਖ਼ਬਰ ਮਿਲੀ ਹੈ ਕਿ ਜਲੰਧਰ ਪੱਛਮੀ ਤੋਂ ਚੋਣ ਜਿੱਤਣ ਵਾਲੇ ਮਹਿੰਦਰ ਭਗਤ ਦੇ ਪਿਤਾ ਸਾਬਕਾ ਮੰਤਰੀ ਚੁੰਨੀ ਲਾਲ ਖ਼ਿਲਾਫ਼ ਕਾਰਵਾਈ ਹੋ ਸਕਦੀ ਹੈ। ਜਲੰਧਰ ਪੱਛਮੀ ਜ਼ਿਮਨੀ ਚੋਣ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਨੂੰ ਬਰਖਾਸਤ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਦੇ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਖ਼ਿਲਾਫ਼ ਰਿਪੋਰਟ ਜ਼ਿਲ੍ਹਾ ਕਮੇਟੀ ਦੇ ਸੀਨੀਅਰ ਆਗੂਆਂ ਵੱਲੋਂ ਹਾਈਕਮਾਂਡ ਨੂੰ ਸੌਂਪ ਦਿੱਤੀ ਗਈ ਹੈ। ਇਸ ‘ਚ ਕਿਹਾ ਗਿਆ ਹੈ ਕਿ ਬੇਟਾ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੋਣ ਲੜੇਗਾ ਅਤੇ ਜਿੱਤ ਤੋਂ ਬਾਅਦ ਆਪਣੇ ਪਿਤਾ ਨੂੰ ਲੱਡੂ ਖਿਲਾ ਕੇ ਜਸ਼ਨ ਮਨਾਏਗਾ। ਦੱਸਿਆ ਜਾ ਰਿਹਾ ਹੈ ਕਿ ਜਲਦ ਹੀ ਭਾਜਪਾ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਨੂੰ ਪਾਰਟੀ ਤੋਂ ਬਰਖਾਸਤ ਕਰ ਸਕਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਮਹਿੰਦਰ ਭਗਤ 1997 ਤੋਂ 1999 ਤੱਕ ਪੰਜਾਬ ਭਾਜਪਾ ਦੇ ਐਸ.ਸੀ ਮੋਰਚਾ ਦੇ ਜਨਰਲ ਸਕੱਤਰ ਰਹੇ ਸਨ ਅਤੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ 2022 ‘ਚ ਜਲੰਧਰ ਪੱਛਮੀ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਵੀ ਲੜੀ ਸੀ ਪਰ ਉਸ ਸਮੇਂ ਉਹ ਆਮ ਆਦਮੀ ਪਾਰਟੀ ਦੀ ਸ਼ੀਤਲ ਅੰਗੁਰਾਲ ਤੋਂ ਹਾਰ ਗਏ ਸਨ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਭਗਤ ਚੁੰਨੀ ਲਾਲ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਦੌਰਾਨ ਮੰਤਰੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਕੋਲ ਪੰਜਾਬ ਸਰਕਾਰ ਵਿੱਚ ਜੰਗਲਾਤ ਅਤੇ ਜੰਗਲੀ ਜੀਵ, ਕਿਰਤ ਵਿਭਾਗ ਹਨ। ਜਲੰਧਰ ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾਂ ਉਨ੍ਹਾਂ ਨੇ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਹੁਣ ਉਨ੍ਹਾਂ ਨੇ ਰਾਜਨੀਤੀ ਛੱਡ ਦਿੱਤੀ ਹੈ ਅਤੇ ਉਨ੍ਹਾਂ ਦਾ ਪੁੱਤਰ ਮਹਿੰਦਰ ਭਗਤ ਇਲਾਕੇ ਦੀ ਸੇਵਾ ਲਈ ਮੈਦਾਨ ‘ਚ ਨਿੱਤਰਿਆ ਹੈ। ਸਾਰੇ ਪਹਿਲੂਆਂ ਨੂੰ ਦੇਖਦਿਆਂ ਹਾਈਕਮਾਂਡ ਨੂੰ ਰਿਪੋਰਟ ਭੇਜ ਦਿੱਤੀ ਗਈ ਹੈ। ਜਿਸ ‘ਤੇ ਜਲਦ ਹੀ ਕਾਰਵਾਈ ਕੀਤੀ ਜਾਵੇਗੀ।

By admin

Related Post

Leave a Reply