ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਪ੍ਰੈੱਸ ਕਾਨਫਰੰਸ ਦੌਰਾਨ CM ਮਾਨ ਨੂੰ ਬੇਟੀ ਦੇ ਜਨਮ ਦੀ ਦਿੱਤੀ ਵਧਾਈ
By admin / March 28, 2024 / No Comments / Punjabi News
ਚੰਡੀਗੜ੍ਹ : ਲੋਕ ਸਭਾ ਚੋਣਾਂ (Lok Sabha elections) ਨੂੰ ਲੈ ਕੇ ਸਿਆਸਤ ਲਗਾਤਾਰ ਗਰਮਾਈ ਹੋਈ ਹੈ। ਮੌਜੂਦਾ ਪਾਰਟੀ ਤੇ ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਮੈਂਬਰਾਂ ਵੱਲੋਂ ਪਾਰਟੀਆਂ ਬਦਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀਤੇ ਦਿਨੀਂ ਲੁਧਿਆਣਾ ਤੋਂ ਕਾਂਗਰਸ ਵਿਧਾਇਕ ਰਵਨੀਤ ਸਿੰਘ ਬਿੱਟੂ (Ravneet Singh Bittu) ਭਾਜਪਾ ‘ਚ ਸ਼ਾਮਲ ਹੋ ਗਏ ਸੀ, ਤੇ ਅੱਜ ‘ਆਪ’ ਪਾਰਟੀ ਦੇ ਜਲੰਧਰ ਤੋਂ ਵਿਧਾਇਕ ਸ਼ੁਸੀਲ ਰਿੰਕੂ (Shusil Rinku) ਵੀ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਤੇ ਕਈ ਗੰਭੀਰ ਦੋਸ਼ ਵੀ ਲਗਾਏ ਜਾ ਰਹੇ ਹਨ ਕਿ ਭਾਜਪਾ ਵੱਲੋਂ ਸਾਡੇ ਵਿਧਾਇਕਾਂ ਨੂੰ ਖ੍ਰੀਦੀਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਪ੍ਰੈੱਸ ਕਾਨਫਰੰਸ ‘ਚ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੂਰਾਲ ਵੀ ਮੌਜੂਦ ਰਹੇ।
ਇਸ ਮੌਕੇ ਸੁਨੀਲ ਜਾਖੜ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਧੀ ਦੇ ਜਨਮ ਦੀ ਵਧਾਈ ਦਿੱਤੀ ਗਈ। ਜਾਖੜ ਨੇ ਕਿਹਾ ਕਿ ਉਨ੍ਹਾਂ ਦੇ ਘਰ ਅੱਜ ਲੱਛਮੀ ਆਈ ਹੈ, ਜਿਸ ਦੀ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ। ਕੇਜਰੀਵਾਲ ‘ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਘਰ ਜੋ ਲੱਛਮੀ ਆਈ ਸੀ, ਉਹ ਕਾਲਾ ਧਨ ਸੀ, ਜੋ ਆਮ ਆਦਮੀ ਪਾਰਟੀ ‘ਤੇ ਭਾਰੀ ਪੈ ਰਹੀ ਹੈ ਪਰ ਜੋ ਮੁੱਖ ਮੰਤਰੀ ਮਾਨ ਦੇ ਘਰ ਲੱਛਮੀ ਆਈ ਹੈ, ਉਸ ਨੂੰ ਪੰਜਾਬ ਦੇ ਸਾਰੇ ਲੋਕ ਅਸੀਸਾਂ ਦੇ ਰਹੇ ਹਨ ਅਤੇ ਮੁੱਖ ਮੰਤਰੀ ਨੂੰ ਵਧਾਈ ਦੇ ਰਹੇ ਹਨ, ਜਿਨ੍ਹਾਂ ‘ਚ ਮੈਂ ਵੀ ਸ਼ਾਮਲ ਹਾਂ।
ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਝੂਠੇ ਵਾਅਦੇ ਕਰਕੇ ਪੂਰੇ ਪੰਜਾਬ ਨੂੰ ਬੇਵਕੂਫ਼ ਬਣਾਇਆ ਗਿਆ ਹੈ। ਬੀਤੇ ਦਿਨ ‘ਆਪ’ ਵਿਧਾਇਕਾਂ ਵਲੋਂ ਭਾਜਪਾ ‘ਤੇ ਪੈਸਿਆਂ ਦੀ ਆਫ਼ਰ ਕਰਨ ਦੇ ਲਾਏ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਜਿਨ੍ਹਾਂ ‘ਤੇ 5-5 ਹਜ਼ਾਰ ਰੁਪਏ ਦੇ ਮੁਕੱਦਮੇ ਦਰਜ ਹਨ, ਉਨ੍ਹਾਂ ਨੂੰ ਕੋਈ 25 ਕਰੋੜ ਰੁਪਿਆ ਆਫ਼ਰ ਕਿਉਂ ਕਰੇਗਾ। ਜਿਹੜਾ ਬੰਦਾ 25 ਹਜ਼ਾਰ ‘ਚ ਮਿਲਦਾ ਹੋਵੇ, ਉਸ ਲਈ ਕੋਈ 25 ਕਰੋੜ ਰੁਪਿਆ ਕਿਉਂ ਖ਼ਰਚੇਗਾ।
ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਆਗਾਹ ਕਰਦਿਆਂ ਗੁੰਡਾਗਰਦੀ ‘ਤੇ ਨਕੇਲ ਕੱਸਣ ਲਈ ਕਿਹਾ। ਸੁਨੀਲ ਜਾਖੜ ਨੇ ਕਿਹਾ ਕਿ ‘ਆਪ’ ਦੇ ਜਿਹੜੇ ਵਿਧਾਇਕਾਂ ਵਲੋਂ ਪਾਰਟੀ ‘ਤੇ ਇਲਜ਼ਾਮ ਲਾਏ ਗਏ ਹਨ, ਉਨ੍ਹਾਂ ਦੀ ਸ਼ਿਕਾਇਤ ਉਹ ਚੋਣ ਕਮਿਸ਼ਨ ਨੂੰ ਕਰਨਗੇ ਤਾਂ ਜੋ ਇਸ ਮਾਮਲੇ ਦੀ ਜਾਂਚ ਹੋ ਸਕੇ। ਸੁਨੀਲ ਜਾਖੜ ਨੇ ਕਿਹਾ ਕਿ ਉਹ ਆਪਣੀ ਪਾਰਟੀ ਸਮੇਤ ਪੰਜਾਬ ਦੇ ਮੁੱਦੇ ਰਲ-ਮਿਲ ਕੇ ਹੱਲ ਕਰਾਉਣ ਦੀ ਕੋਸ਼ਿਸ਼ ਕਰਨਗੇ।