ਜਲੰਧਰ : ਭਾਜਪਾ ਦੇ ਦਿੱਲੀ ਤੋਂ ਸੰਸਦ ਮੈਂਬਰ ਹੰਸਰਾਜ ਹੰਸ (Hansraj Hans) ਅਤੇ ਕਾਬਜ਼ ਪ੍ਰਬੰਧਕ ਕਮੇਟੀ (Kabz Parbandhak Committee) ’ਤੇ ਫਰਜ਼ੀ ਬਿੱਲਾਂ ਦੀ ਆੜ ’ਚ ਡੇਰੇ ਦੇ ਫੰਡਾਂ ਦੀ ਦੁਰਵਰਤੋਂ ਕਰਨ ਦੇ ਗੰਭੀਰ ਦੋਸ਼ ਲਾਉਂਦਿਆਂ ਕੁੰਦਨ ਸਾਈਂ, ਆਲ ਪੰਜਾਬ ਟਰੱਕ ਆਪ੍ਰੇਟਰ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਹੋਰਨਾਂ ਨੇ ਅੱਜ ਡਿਪਟੀ ਕਮਿਸ਼ਨਰ ਅਤੇ ਐੱਸ. ਪੀ. ਦਿਹਾਤੀ ਨੂੰ ਸ਼ਿਕਾਇਤ ਪੱਤਰ ਸੌਂਪਣ ਉਪਰੰਤ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਇਸ ਡੇਰੇ ਦੀ ਜ਼ਮੀਨ ਰਿਸ਼ੀ ਨਗਰ ਦੀ ਹੈ ਤੇ ਉਹ ਲੋਕ ਡੇਰੇ ਦੀ ਪਿਛਲੇ 20 ਸਾਲਾਂ ਤੋਂ ਸੇਵਾ ਕਰਦੇ ਆ ਰਹੇ ਹਨ।

ਉਨ੍ਹਾਂ ਦੋਸ਼ ਲਾਇਆ ਕਿ ਸਾਲ 2022 ਵਿਚ ਆਪੇ ਬਣੀ ਕਮੇਟੀ ਦੇ ਗਠਨ ਤੋਂ ਬਾਅਦ ਡੇਰੇ ਦੇ ਖਾਤੇ ਵਿਚ ਫਰਜ਼ੀ ਬਿੱਲ ਪਾ ਕੇ ਭਾਰੀ ਧਾਂਦਲੀ ਕੀਤੀ ਜਾ ਰਹੀ ਹੈ। ਸਭ ਤੋਂ ਵੱਡੀ ਧਾਂਦਲੀ ਇਹ ਹੈ ਕਿ ਡੇਰੇ ਦੇ ਖਾਤੇ ਵਿਚ ਫਰਜ਼ੀ ਬਿੱਲ ਪਾ ਕੇ ਲੋਕਾਂ ਦੇ ਚੜ੍ਹਾਵੇ ਨਾਲ ਇਕੱਤਰ ਫੰਡਾਂ ਵਿਚ ਲੱਖਾਂ ਦੀ ਧੋਖਾਧੜੀ ਕੀਤੀ ਜਾ ਰਹੀ ਹੈ। ਸਭ ਤੋਂ ਵੱਡੀ ਧੋਖਾਧੜੀ 21 ਮਈ 2022 ਨੂੰ ਰਾਜਸਥਾਨ ਦੀ ਇਕ ਫਰਮ ਨਾਲ ਮਿਲ ਕੇ ਕੀਤੀ ਗਈ।

ਉਨ੍ਹਾਂ ਦੋਸ਼ ਲਾਇਆ ਕਿ ਕਮੇਟੀ ਦੇ ਮੈਂਬਰਾਂ ਨੇ ਸਾਲਾਨਾ ਮੇਲੇ ਦੌਰਾਨ ਬ੍ਰੈਸਲੇਟ ਹੰਸਰਾਜ ਹੰਸ ਨੂੰ ਪਹਿਨਾਇਆ ਸੀ ਪਰ ਬਾਕੀ ਸੋਨਾ ਕੀ ਸੀ ਅਤੇ ਕਿਸ ਨੂੰ ਦਿੱਤਾ ਗਿਆ, ਉਸਦਾ ਕੋਈ ਵਰਣਨ ਨਹੀਂ ਹੈ। ਇੰਨਾ ਹੀ ਨਹੀਂ, ਡੇਰੇ ਦੇ ਖਰਚੇ ’ਤੇ ਹੋਟਲ ’ਚ ਕਮਰਾ ਬੁੱਕ ਕਰਵਾਉਣ ਦੇ ਬਿੱਲਾਂ ਵਿਚ ਵੀ ਫਰਜ਼ੀਵਾੜਾ ਸਾਹਮਣੇ ਆਇਆ ਹੈ। ਹੋਟਲ ਦੇ ਰਿਕਾਰਡ ਵਿਚ ਕਮਰਾ ਬੁੱਕ ਕਰਵਾਉਣ ਵਾਲੀ ਕੰਪਨੀ ਅਤੇ ਗੈਸਟ ਦੋਵਾਂ ਦਾ ਨਾਂ ਅਲਮਸਤ ਬਾਪੂ ਲਾਲ ਬਾਦਸ਼ਾਹ ਦਰਬਾਰ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੰਸਰਾਜ ਹੰਸ ਸਾਲ 2008 ਵਿਚ ਉਨ੍ਹਾਂ ਕੋਲ ਆਏ ਅਤੇ ਉਨ੍ਹਾਂ ਨੂੰ ਕਮੇਟੀ ਵਿਚ ਸ਼ਾਮਲ ਕਰਨ ਦੀ ਬੇਨਤੀ ਕਰਦਿਆਂ ਡੇਰੇ ਨੂੰ ਬੁਲੰਦੀਆਂ ’ਤੇ ਲਿਜਾਣ ਦਾ ਭਰੋਸਾ ਦਿੱਤਾ ਪਰ ਅੱਜ ਤਕ ਹੰਸਰਾਜ ਹੰਸ ਨੇ ਡੇਰੇ ਦੇ ਵਿਕਾਸ ਵਿਚ ਆਪਣੇ ਵੱਲੋਂ ਇਕ ਪੈਸਾ ਵੀ ਖਰਚ ਨਹੀਂ ਕੀਤਾ।

ਕੁੰਦਨ ਸਾਈਂ, ਹੈਪੀ ਸੰਧੂ ਅਤੇ ਹੋਰਨਾਂ ਨੇ ਦੋਸ਼ ਲਾਇਆ ਕਿ ਇਹ ਸਾਰਾ ਫਰਜ਼ੀਵਾੜਾ ਹਲਕਾ ਵਿਧਾਇਕਾ ਇੰਦਰਜੀਤ ਕੌਰ ਮਾਨ ਦੀ ਛਤਰ-ਛਾਇਆ ਵਿਚ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਕਮੇਟੀ ਦੀ ਚੋਣ ਵਿਚ ਵਿਧਾਇਕਾ ਮਾਨ ਨੇ ਆਪਣੀ ਤਾਕਤ ਦੀ ਵਰਤੋਂ ਕਰ ਕੇ ਚੋਣ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ ’ਤੇ ਸਿਰੋਪਾਓ ਭੇਟ ਕਰਦੇ ਤਾਂ ਸੁਣਿਆ ਸੀ ਪਰ ਸੋਨੇ ਦੇ ਗਹਿਣੇ ਪਹਿਨਾਉਣਾ ਪਹਿਲੀ ਵਾਰ ਦੇਖਿਆ ਹੈ। ਉਨ੍ਹਾਂ ਕਿਹਾ ਕਿ ਹੁਣ ਮਿਹਨਤ ਕਰ ਕੇ ਰੋਜ਼ੀ-ਰੋਟੀ ਕਮਾਉਣ ਵਾਲੇ ਰਿਸ਼ੀ ਨਗਰ ਦੇ ਲੋਕਾਂ ਨੂੰ ਹੀ ਡਰਾਇਆ-ਧਮਕਾਇਆ ਜਾ ਰਿਹਾ ਹੈ।

ਉਕਤ ਲੋਕਾਂ ਨੇ ਮੰਗ ਕੀਤੀ ਕਿ ਇਸ ਸਭ ਲਈ ਸੰਸਦ ਮੈਂਬਰ ਹੰਸਰਾਜ ਹੰਸ ਅਤੇ ਵਿਧਾਇਕਾ ਇੰਦਰਜੀਤ ਕੌਰ ਮਾਨ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਲੱਖਾਂ ਰੁਪਏ ਦੀ ਹੇਰਾਫੇਰੀ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਉਚਿਤ ਕਾਰਵਾਈ ਕੀਤੀ ਜਾਵੇ। ਇਸ ਸਬੰਧ ਵਿਚ ਜਦੋਂ ਹੰਸਰਾਜ ਹੰਸ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

Leave a Reply