ਨਵੀਂ ਦਿੱਲੀ : ਭਾਜਪਾ ਦੇ ਰਾਸ਼ਟਰੀ ਅਧਿਕਾਰੀਆਂ (BJP National Officers) ਦੀ ਬੈਠਕ 17 ਅਗਸਤ ਨੂੰ ਦਿੱਲੀ ‘ਚ ਹੋਵੇਗੀ। ਇਸ ਮੀਟਿੰਗ ਵਿੱਚ ਸਾਰੇ ਸੂਬਾ ਪ੍ਰਧਾਨਾਂ ਅਤੇ ਸੂਬਾ ਸੰਗਠਨ ਮੰਤਰੀਆਂ ਨੂੰ ਵੀ ਬੁਲਾਇਆ ਗਿਆ ਹੈ। ਭਾਜਪਾ ਪ੍ਰਧਾਨ ਦੀ ਚੋਣ ਅਤੇ ਚਾਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ (The Assembly Elections) ਤੋਂ ਪਹਿਲਾਂ ਇਸ ਮੀਟਿੰਗ ਨੂੰ ਅਹਿਮ ਮੰਨਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਸਾਲ 2024 ‘ਚ ਚਾਰ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਹ ਰਾਜ ਜੰਮੂ-ਕਸ਼ਮੀਰ, ਹਰਿਆਣਾ, ਮਹਾਰਾਸ਼ਟਰ ਅਤੇ ਝਾਰਖੰਡ ਹਨ। ਇਨ੍ਹਾਂ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇੱਥੇ ਆਉਣ ਵਾਲੇ ਨਤੀਜੇ ਭਾਜਪਾ ਲਈ ਭਵਿੱਖ ਦੀ ਦਿਸ਼ਾ ਤੈਅ ਕਰਨਗੇ।
ਹਰਿਆਣਾ ਵਿੱਚ ਭਾਜਪਾ ਲਗਾਤਾਰ ਦੋ ਵਾਰ ਸੱਤਾ ਵਿੱਚ ਰਹੀ ਹੈ ਪਰ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਉਮੀਦ ਨਾਲੋਂ ਕਿਤੇ ਘੱਟ ਸੀਟਾਂ ਮਿਲੀਆਂ ਹਨ। ਹਰਿਆਣਾ ‘ਚ ਭਾਜਪਾ ਨੇ 10 ‘ਚੋਂ 5 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ, ਜਦਕਿ ਕਾਂਗਰਸ ਨੇ ਵੀ 5 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਸਾਰੀਆਂ ਲੋਕ ਸਭਾ ਸੀਟਾਂ ਜਿੱਤੀਆਂ ਸਨ।