ਪਟਿਆਲਾ : ਭਾਜਪਾ ’ਚ ਜਾਣ ਦੀਆਂ ਅਟਕਲਾਂ ਵਿਚਾਲੇ ਨਵਜੋਤ ਸਿੱਧੂ (Navjot Sidhu) ਨੇ ਦੋ ਟੁੱਕ ਵਿਚ ਸਿੱਧਾ ਜਵਾਬ ਦਿੱਤਾ ਹੈ। ਸਿੱਧੂ ਨੇ ਕਿਹਾ ਹੈ ਕਿ ਕਾਂਗਰਸ ਤੋਂ ਇਲਾਵਾ ਉਹ ਕਿਤੇ ਨਹੀਂ ਜਾ ਸਕਦੇ ਹਨ। ਭਾਜਪਾ ਜਾਣ ਦੀਆਂ ਖ਼ਬਰਾਂ ’ਤੇ ਗੱਲਾਂ-ਗੱਲਾਂ ਵਿਚ ਸਿੱਧੂ ਨੇ ਕਿਹਾ ਕਿ ਇਨ੍ਹਾਂ ਅਟਕਲਾਂ ਦਾ ਜਵਾਬ ਉਹ ਟਵਿੱਟਰ ’ਤੇ ਦੇ ਚੁੱਕੇ ਹਨ, ਇਹ ਗੱਲ ਇਕ ਵਾਰ ਨਹੀਂ ਸਗੋਂ ਹਜ਼ਾਰ ਵਾਰ ਖ਼ਤਮ ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਸਿਵਾਏ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਮੈਨੂੰ ਸਾਰੀਆਂ ਥਾਵਾਂ ’ਤੇ ਭੇਜ ਚੁੱਕੇ ਹਨ ਪਰ ਮੈਂ ਅੜੀਅਲ ਹਾਂ, ਮੇਰੇ ਗੁਰੂ ਨੇ ਆਖਿਆ ਹੈ ‘ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੀਏ ਬਾਂਹ ਨਾ ਛੱਡੀਏ’। ਸਿੱਧੂ 25 ਸਾਲ ਦੀ ਸਿਆਸਤ ਵਿਚ ਕਦੇ ਵੀ ਜ਼ੁਬਾਨ ਦੇ ਕੇ ਪਿੱਛੇ ਨਹੀਂ ਹਟੇ ਹਨ।
ਕੀ ਕਿਹਾ ਸੀ ਟਵਿੱਟਰ ’ਤੇ
ਬੀਤੇ ਦਿਨੀਂ ਆਪਣੇ ਐਕਸ ਅਕਾਊਂਟ (ਪਹਿਲਾਂ ਟਵਿੱਟਰ) ’ਤੇ ਸਿੱਧੂ ਨੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਇਕ ਤਸਵੀਰ ਸਾਂਝੀ ਕੀਤੀ ਸੀ। ਜਿਸ ਵਿਚ ਉਨ੍ਹਾਂ ਨੇ ਲਿਖਿਆ ਸੀ ਕਿ ਤੁਸੀਂ ਮੈਨੂੰ ਜੇਲ੍ਹ ਭੇਜ ਸਕਦੇ ਹੋ, ਮੈਨੂੰ ਡਰਾ-ਧਮਕਾ ਸਕਦੇ ਹੋ, ਮੇਰੇ ਸਾਰੇ ਵਿੱਤੀ ਖਾਤੇ ਬਲੌਕ ਕਰ ਸਕਦੇ ਹੋ ਪਰ ਪੰਜਾਬ ਅਤੇ ਮੇਰੇ ਲੀਡਰਾਂ ਲਈ ਮੇਰੀ ਵਚਨਬੱਧਤਾ ਨਾ ਤਾਂ ਇਕ ਇੰਚ ਵੀ ਪਿੱਛੇ ਹਟੀ ਹੈ ਅਤੇ ਨਾ ਹੀ ਪਿੱਛੇ ਹਟੇਗੀ। ਇਸ ਤੋਂ ਸਾਫ ਹੋ ਜਾਂਦਾ ਹੈ ਕਿ ਸਿੱਧੂ ਨੇ ਭਾਜਪਾ ’ਚ ਜਾਣ ਦੀਆਂ ਅਟਕਲਾਂ ’ਤੇ ਪੂਰੀ ਤਰ੍ਹਾਂ ਵਿਰਾਮ ਲਗਾ ਦਿੱਤਾ ਹੈ।