ਜਲੰਧਰ : ਕੇਂਦਰ ਸਰਕਾਰ ਦੀ ਅੰਮ੍ਰਿਤ ਭਾਰਤ ਯੋਜਨਾ (Amrit Bharat Yojana) ਤਹਿਤ ਦੇਸ਼ ਦੇ ਕਈ ਰੇਲਵੇ ਸਟੇਸ਼ਨਾਂ ਨੂੰ ਕਰੋੜਾਂ ਰੁਪਏ ਦੀ ਲਾਗਤ ਨਾਲ ਨਵਾਂ ਰੂਪ ਦਿੱਤਾ ਜਾ ਰਿਹਾ ਹੈ, ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ 6 ਅਗਸਤ 2023 ਨੂੰ ਕੀਤਾ ਸੀ। ਹੁਣ ਦੂਜੇ ਪੜਾਅ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਫਰਵਰੀ ਨੂੰ 554 ਪ੍ਰਾਜੈਕਟਾਂ ਦਾ ਵਰਚੁਅਲ ਉਦਘਾਟਨ ਕਰਨਗੇ।
ਇਸ ਦੇ ਲਈ 26 ਫਰਵਰੀ ਨੂੰ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਬਾਹਰ ਇਕ ਸ਼ਾਨਦਾਰ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ, ਜਿਸ ਵਿਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Governor Banwari Lal Purohit) ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਣਗੇ। ਉਨ੍ਹਾਂ ਦੇ ਇਲਾਵਾ ਜਲੰਧਰ ਤੋਂ ਸੰਸਦ ਮੈਂਬਰ ਸੁਸ਼ੀਲ ਰਿੰਕੂ ਅਤੇ ਭਾਜਪਾ ਦੇ ਸੀਨੀਅਰ ਆਗੂ ਵੀ ਮੌਜੂਦ ਹੋਣਗੇ। ਪ੍ਰੋਗਰਾਮ ਸਵੇਰੇ ਲਗਭਗ 10.45 ਵਜੇ ਸ਼ੁਰੂ ਹੋਵੇਗਾ, ਜਿਸ ਵਿਚ ਸਕੂਲੀ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਦੁਪਹਿਰ 12.20 ਵਜੇ ਪ੍ਰਧਾਨ ਮੰਤਰੀ ਪ੍ਰਾਜੈਕਟਾਂ ਦਾ ਵਰਚੁਅਲ ਨੀਂਹ ਪੱਥਰ ਰੱਖਣਗੇ ਅਤੇ ਜਨਤਾ ਨੂੰ ਸੰਬੋਧਨ ਕਰਨਗੇ।
ਸਿਟੀ ਰੇਲਵੇ ਸਟੇਸ਼ਨ ਦੇ ਬਾਹਰ ਪੰਡਾਲ ਵਿਚ ਇਕ ਵੱਡੀ ਸਕ੍ਰੀਨ ’ਤੇ ਪ੍ਰਧਾਨ ਮੰਤਰੀ ਮੋਦੀ ਦੀ ਲਾਈਵ ਸਪੀਚ ਵਿਖਾਈ ਜਾਵੇਗੀ। ਉਥੇ ਹੀ ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ 211 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ, ਜਿਸ ਵਿਚ ਸੈਕਿੰਡ ਐਂਟਰੀ ਗੇਟ, ਲਿਫਟ, ਐਸਕੇਲੇਟਰ, ਫੂਡ ਕੋਰਟ ਸਮੇਤ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਮਿਲਣਗੀਆਂ। ਵਰਣਨਯੋਗ ਹੈ ਕਿ ਕੈਂਟ ਰੇਲਵੇ ਸਟੇਸ਼ਨ ’ਤੇ ਚੱਲ ਰਿਹਾ ਕੰਮ ਅੰਤਿਮ ਪੜਾਅ ਵਿਚ ਪਹੁੰਚ ਚੁੱਕਾ ਹੈ। ਅਧਿਕਾਰੀਆਂ ਮੁਤਾਬਕ ਜੂਨ ਮਹੀਨੇ ਤਕ ਇਸਦਾ ਕੰਮ ਕੰਪਲੀਟ ਹੋ ਜਾਵੇਗਾ।