ਬੰਸੀਲਾਲ ਤੇ ਭਜਨਲਾਲ ਪਰਿਵਾਰ ਦਹਾਕਿਆਂ ਬਾਅਦ ਲੋਕ ਸਭਾ ਚੋਣਾਂ ਤੋਂ ਹੋਏ ਦੂਰ
By admin / April 26, 2024 / No Comments / Punjabi News
ਚੰਡੀਗੜ੍ਹ : ਚੌਧਰੀ ਬੰਸੀਲਾਲ (Chaudhary Bansilal) ਨੂੰ ਹਰਿਆਣਾ ਦੀ ਸਿਆਸਤ ‘ਚ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਭਿਵਾਨੀ—ਮਹੇਂਦਰਗੜ੍ਹ ਹਮੇਸ਼ਾ ਤੋਂ ਬੰਸੀਲਾਲ ਪਰਿਵਾਰ ਦਾ ਗੜ੍ਹ ਰਿਹਾ ਹੈ ਪਰ ਹੁਣ ਕਰੀਬ 34 ਸਾਲਾਂ ਬਾਅਦ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਬੰਸੀਲਾਲ ਪਰਿਵਾਰ ਦਾ ਕੋਈ ਮੈਂਬਰ ਲੋਕ ਸਭਾ ਚੋਣ ਨਹੀਂ ਲੜ ਰਿਹਾ ਹੈ। ਭਿਵਾਨੀ ਜ਼ਿਲ੍ਹੇ ਦੀ ਪਛਾਣ ਸਾਬਕਾ ਮੁੱਖ ਮੰਤਰੀ ਬੰਸੀਲਾਲ ਨਾਲ ਹੁੰਦੀ ਹੈ, ਜਿਨ੍ਹਾਂ ਨੂੰ ਹਰਿਆਣਾ ਦੇ ਨਿਰਮਾਤਾ ਅਤੇ ਵਿਕਾਸ ਪੁਰਸ਼ ਵਜੋਂ ਜਾਣਿਆ ਜਾਂਦਾ ਹੈ। ਭਿਵਾਨੀ ਨੂੰ ਹਰਿਆਣਾ ਦੀ ਸਿਆਸੀ ਰਾਜਧਾਨੀ ਕਿਹਾ ਜਾਂਦਾ ਸੀ ਕਿਉਂਕਿ ਚੌਧਰੀ ਬੰਸੀਲਾਲ ਦਾ ਹਰਿਆਣਾ ਦੀ ਰਾਜਨੀਤੀ ‘ਤੇ ਦਬਦਬਾ ਸੀ। ਇਸੇ ਤਰ੍ਹਾਂ ਸਿਰਸਾ ਨੂੰ ਚੌਧਰੀ ਦੇਵੀ ਲਾਲ ਕਾਰਨ, ਹਿਸਾਰ ਨੂੰ ਭਜਨ ਲਾਲ ਕਾਰਨ, ਰੋਹਤਕ ਨੂੰ ਭੁਪਿੰਦਰ ਸਿੰਘ ਹੁੱਡਾ ਕਾਰਨ ਸਮੇਂ-ਸਮੇਂ ‘ਤੇ ਸਿਆਸੀ ਰਾਜਧਾਨੀ ਦਾ ਦਰਜਾ ਮਿਲਿਆ।
ਇਸ ਵਾਰ ਕਾਂਗਰਸ ਨੇ ਭਿਵਾਨੀ-ਮਹੇਂਦਰਗੜ੍ਹ ਸੀਟ ਤੋਂ ਸਾਬਕਾ ਸੀ.ਐਮ ਬੰਸੀਲਾਲ ਦੀ ਪੋਤੀ ਸ਼ਰੁਤੀ ਚੌਧਰੀ ਦੀ ਟਿਕਟ ਰੱਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਭਾਜਪਾ ਵਿਚ ਸ਼ਾਮਲ ਹੋਣ ਤੋਂ 26 ਸਾਲ ਬਾਅਦ ਭਜਨ ਲਾਲ ਪਰਿਵਾਰ ਵੀ ਚੋਣ ਮੈਦਾਨ ਤੋਂ ਬਾਹਰ ਹੈ। ਇਸ ਵਾਰ ਕੁਲਦੀਪ ਬਿਸ਼ਨੋਈ ਨੂੰ ਹਿਸਾਰ ਲੋਕ ਸਭਾ ਤੋਂ ਟਿਕਟ ਨਹੀਂ ਮਿਲੀ ਹੈ। ਹਰਿਆਣਾ ਅੰਦਰ ਕਾਂਗਰਸ ਦੀ ਧੜੇਬੰਦੀ ਕਿਸੇ ਤੋਂ ਲੁਕੀ ਨਹੀਂ ਹੈ। ਬੰਸੀਲਾਲ ਦੀ ਨੂੰਹ ਕਿਰਨ ਚੌਧਰੀ ਹੁੱਡਾ ਵਿਰੋਧੀ ਰਾਜਨੀਤੀ ਵਿੱਚ SRK ਗਰੁੱਪ ਦਾ ਇੱਕ ਮੁੱਖ ਥੰਮ ਹੈ। ਸ਼ਰੂਤੀ ਚੌਧਰੀ ਨੂੰ ਹਰਿਆਣਾ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਵੀ ਬਣਾਇਆ ਗਿਆ ਹੈ। ਪਰ ਸ਼ਰੂਤੀ ਚੌਧਰੀ ਨੂੰ ਭਿਵਾਨੀ ਤੋਂ ਟਿਕਟ ਨਹੀਂ ਮਿਲੀ। ਇਹ ਕਿਰਨ ਚੌਧਰੀ ਦੀ ਸਿਆਸਤ ਲਈ ਕਿਸੇ ਗੰਭੀਰ ਝਟਕੇ ਤੋਂ ਘੱਟ ਨਹੀਂ ਹੈ।
ਬੰਸੀਲਾਲ ਪਰਿਵਾਰ ਦੀ ਗੱਲ ਕਰੀਏ ਤਾਂ ਚੌਧਰੀ ਬੰਸੀਲਾਲ ਖੁਦ 1980, 1984 ਅਤੇ 1989 ਵਿੱਚ ਤਿੰਨ ਵਾਰ ਲੋਕ ਸਭਾ ਮੈਂਬਰ ਬਣੇ। ਇਸ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਚੌ. ਸੁਰਿੰਦਰ ਸਿੰਘ 1996 ਅਤੇ 1998 ਵਿੱਚ ਦੋ ਵਾਰ ਲੋਕ ਸਭਾ ਮੈਂਬਰ ਰਹੇ ਅਤੇ ਫਿਰ ਉਨ੍ਹਾਂ ਦੀ ਪੋਤੀ ਸ਼ਰੂਤੀ ਚੌਧਰੀ 2009 ਵਿੱਚ ਇੱਕ ਵਾਰ ਸੰਸਦ ਮੈਂਬਰ ਬਣੀ। ਮੁੱਖ ਪਾਰਟੀਆਂ ਦੀ ਗੱਲ ਕਰੀਏ ਤਾਂ ਭਾਜਪਾ ਨੇ ਹਿਸਾਰ ਤੋਂ ਰਣਜੀਤ ਚੌਟਾਲਾ ਨੂੰ ਟਿਕਟ ਦਿੱਤੀ ਹੈ ਜਦਕਿ ਕਾਂਗਰਸ ਨੇ ਜੈ ਪ੍ਰਕਾਸ਼ ਨੂੰ ਟਿਕਟ ਦਿੱਤੀ ਹੈ। ਜੇ.ਜੇ.ਪੀ ਨੇ ਨੈਨਾ ਚੌਟਾਲਾ ਨੂੰ ਟਿਕਟ ਦਿੱਤੀ ਹੈ, ਜਦਕਿ ਇਨੈਲੋ ਨੇ ਹਿਸਾਰ ਤੋਂ ਸੁਨੈਨਾ ਚੌਟਾਲਾ ਨੂੰ ਟਿਕਟ ਦਿੱਤੀ ਹੈ।