ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (The Board of Control for Cricket in India) (ਬੀ.ਸੀ.ਸੀ.ਆਈ.) ਨੇ ਬੀਤੇ ਦਿਨ ਬੰਗਲਾਦੇਸ਼ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਸੂਰਿਆਕੁਮਾਰ ਯਾਦਵ ਦੀ ਅਗਵਾਈ ‘ਚ ਭਾਰਤ 6 ਅਕਤੂਬਰ ਤੋਂ ਬੰਗਲਾਦੇਸ਼ ਖ਼ਿਲਾਫ਼ ਟੀ-20 ਸੀਰੀਜ਼ ਖੇਡੇਗਾ। ਇਸ ਸੀਰੀਜ਼ ਲਈ ਸ਼ੁਭਮਨ ਗਿੱਲ ਅਤੇ ਯਸ਼ਸਵੀ ਜੈਸਵਾਲ ਨੂੰ ਆਰਾਮ ਦਿੱਤਾ ਗਿਆ ਹੈ, ਜਦਕਿ ਜ਼ਿੰਬਾਬਵੇ ਖ਼ਿਲਾਫ਼ ਟੀ-20 ਸੀਰੀਜ਼ ‘ਚ ਸ਼ਾਮਲ ਅਭਿਸ਼ੇਕ ਸ਼ਰਮਾ ਨੂੰ ਮੌਕਾ ਦਿੱਤਾ ਗਿਆ ਹੈ। ਫਿਲਹਾਲ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਕਾਨਪੁਰ ‘ਚ ਖੇਡਿਆ ਜਾ ਰਿਹਾ ਹੈ। ਇਸ ਤੋਂ ਬਾਅਦ ਭਾਰਤੀ ਟੀਮ ਗਵਾਲੀਅਰ ਜਾਵੇਗੀ ਜਿੱਥੇ ਪਹਿਲਾ ਟੀ-20 ਮੈਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ ਬਾਕੀ ਦੋ ਮੈਚ ਕ੍ਰਮਵਾਰ 9 ਅਤੇ 12 ਅਕਤੂਬਰ ਨੂੰ ਨਵੀਂ ਦਿੱਲੀ ਅਤੇ ਹੈਦਰਾਬਾਦ ‘ਚ ਹੋਣਗੇ।
ਭਾਰਤੀ ਟੀਮ ਸੂਰਿਆਕੁਮਾਰ ਯਾਦਵ ਦੀ ਅਗਵਾਈ ‘ਚ ਇਸ ਸੀਰੀਜ਼ ‘ਚ ਪ੍ਰਵੇਸ਼ ਕਰੇਗੀ, ਜਿਨ੍ਹਾਂ ਨੇ ਜੁਲਾਈ ‘ਚ ਸ਼੍ਰੀਲੰਕਾ ਖ਼ਿਲਾਫ਼ ਟੀਮ ਦੀ ਕਮਾਨ ਵੀ ਸੰਭਾਲੀ ਸੀ। ਸੂਰਿਆਕੁਮਾਰ ਸੱਟ ਦੇ ਕਾਰਨ ਕੁਝ ਸਮੇਂ ਲਈ ਐਕਸ਼ਨ ਤੋਂ ਬਾਹਰ ਹਨ ਅਤੇ ਦਲੀਪ ਟਰਾਫੀ ਵਿੱਚ ਪ੍ਰਤੀਯੋਗੀ ਕ੍ਰਿਕਟ ਵਿੱਚ ਵਾਪਸੀ ਕੀਤੀ ਹੈ। ਸੂਰਿਆਕੁਮਾਰ ਹਾਲਾਂਕਿ ਹੁਣ ਇਕ ਵਾਰ ਫਿਰ ਰਾਸ਼ਟਰੀ ਟੀਮ ਦੀ ਜਰਸੀ ਪਹਿਨਣ ਲਈ ਤਿਆਰ ਹਨ। ਦੂਜੇ ਪਾਸੇ, ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ ਵਰਗੇ ਨਿਯਮਤ ਤੌਰ ‘ਤੇ ਖੇਡਣ ਵਾਲੇ ਕੁਝ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ। ਦਰਅਸਲ, ਭਾਰਤ ਨੂੰ ਇਸ ਸੀਜ਼ਨ ‘ਚ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਖ਼ਿਲਾਫ਼ ਟੈਸਟ ਸੀਰੀਜ਼ ਖੇਡਣੀ ਹੈ, ਜਿਸ ਕਾਰਨ ਬੋਰਡ ਇਨ੍ਹਾਂ ਖਿਡਾਰੀਆਂ ‘ਤੇ ਦਬਾਅ ਨਹੀਂ ਵਧਾਉਣਾ ਚਾਹੁੰਦਾ ਹੈ।