ਮੁੰਬਈ : ਬਿੱਗ ਬੌਸ 17 (Big Boss) ਦੇ ਜੇਤੂ ਮੁਨੱਵਰ ਫਾਰੂਕੀ (Munawar Farooqui) ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਬੀਤੀ ਦੇਰ ਰਾਤ ਮੁੰਬਈ ਪੁਲਿਸ ਦੀ ਐਸ.ਐਸ ਬ੍ਰਾਂਚ (ਸੋਸ਼ਲ ਸਰਵਿਸ ਬ੍ਰਾਂਚ) ਨੇ ਇੱਕ ਹੁੱਕਾ ਬਾਰ ‘ਤੇ ਛਾਪਾ ਮਾਰਿਆ। ਜਿੱਥੇ ਉਨ੍ਹਾਂ ਨੇ ਸਟੈਂਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਸਮੇਤ 14 ਲੋਕਾਂ ਨੂੰ ਹਿਰਾਸਤ ‘ਚ ਲਿਆ। ਸਾਰੇ ਮੁਲਜ਼ਮਾਂ ‘ਤੇ ਕੋਟਪਾ ਤਹਿਤ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ, ਪੁਲਿਸ ਨੇ 41 ਏ ਦਾ ਨੋਟਿਸ ਦੇ ਕੇ ਫਾਰੂਕੀ ਨੂੰ ਛੱਡ ਦਿੱਤਾ ਹੈ।
ਬਿੱਗ ਬੌਸ ਓ.ਟੀ.ਟੀ 2 ਦੇ ਜੇਤੂ ਐਲਵੀਸ਼ ਯਾਦਵ ਤੋਂ ਬਾਅਦ ਬਿੱਗ ਬੌਸ 17 ਦੇ ਜੇਤੂ ਮੁਨੱਵਰ ਫਾਰੂਕੀ ਵਿਵਾਦਾਂ ਵਿੱਚ ਆ ਗਏ ਹਨ।ਜਾਣਕਾਰੀ ਮੁਤਾਬਕ ਸੋਸ਼ਲ ਸਰਵਿਸ ਬ੍ਰਾਂਚ ਨੇ ਬੀਤੀ ਰਾਤ ਮੁੰਬਈ ਦੇ ਫੋਰਟ ਇਲਾਕੇ ‘ਚ ਸਥਿਤ ਸਬਾਲਨ ਹੁੱਕਾ ਪਾਰਲਰ ‘ਚ ਛਾਪੇਮਾਰੀ ਦੌਰਾਨ ਕੁਝ ਲੋਕਾਂ ਨੂੰ ਹਿਰਾਸਤ ‘ਚ ਲਿਆ। ਇਨ੍ਹਾਂ ਲੋਕਾਂ ਵਿਚੋਂ ਇਕ ਮੁਨੱਵਰ ਸੀ।
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹੁੱਕਾ ਪਾਰਲਰ ਵਿੱਚ ਨਿਕੋਟੀਨ ਅਤੇ ਤੰਬਾਕੂ ਉਤਪਾਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉੱਥੇ ਜੇਕਰ ਤੰਬਾਕੂ ਉਤਪਾਦ ਪਾਏ ਜਾਂਦੇ ਹਨ ਤਾਂ ਪੁਲਿਸ ਵੱਲੋਂ ਸਿਗਰਟ ਅਤੇ ਤੰਬਾਕੂ ਐਕਟ ਤਹਿਤ ਕੇਸ ਦਰਜ ਕੀਤਾ ਜਾ ਸਕਦਾ ਹੈ। ਹਾਲਾਂਕਿ, ਮੁਨੱਵਰ ਫਾਰੂਕੀ ਨੂੰ ਨੋਟਿਸ ਦੇ ਕੇ ਰਾਤ ਨੂੰ ਹੀ ਘਰ ਜਾਣ ਦੀ ਆਗਿਆ ਦੇ ਦਿੱਤੀ ਸੀ। ਇਸ ਮਾਮਲੇ ਵਿੱਚ ਅਜੇ ਤੱਕ ਮੁਨੱਵਰ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।