ਜਲੰਧਰ : ਹੁਸ਼ਿਆਰਪੁਰ ਰੋਡ ‘ਤੇ ਸਥਿਤ ਮੈਰਿਜ ਪੈਲੇਸ ਐਲੀਜ਼ੀਅਮ ‘ਚ ਆਯੋਜਿਤ ਇਕ ਵਿਆਹ ਸਮਾਗਮ ‘ਚ ਦਾਖਲ ਹੋ ਕੇ ਪ੍ਰਬੰਧਕਾਂ ਨਾਲ ਬਦਸਲੂਕੀ ਕਰਨ ਦੇ ਦੋਸ਼ ‘ਚ ਜ਼ਿਲ੍ਹਾ ਦਿਹਾਤੀ ਥਾਣਾ ਪਤਾਰਾ ਦੇ ਦੋ ਮੁਲਾਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਐਸ.ਐਸ.ਪੀ. ਜਲੰਧਰ ਦਿਹਾਤੀ ਡਾ: ਅੰਕੁਰ ਗੁਪਤਾ ਆਈ.ਪੀ.ਐਸ. ਵੱਲੋਂ ਏ.ਐਸ.ਆਈ. ਕੇਵਲ ਸਿੰਘ ਅਤੇ ਏ.ਐਸ.ਆਈ. ਸੁਰਿੰਦਰ ਪਾਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਉਕਤ ਕਾਰਵਾਈ ਜਲੰਧਰ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਦੀ ਸ਼ਿਕਾਇਤ ਦੇ ਆਧਾਰ ‘ਤੇ ਐਸ.ਐਸ.ਪੀ. ਵੱਲੋਂ ਕੀਤੀ ਗਈ ਹੈ। ‘ਆਪ’ ਦੇ ਵਿਧਾਇਕ ਵੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੁੱਜੇ ਹੋਏ ਸਨ। ਪ੍ਰਬੰਧਕਾਂ ਨੇ ਵਿਧਾਇਕ ਨੂੰ ਦੱਸਿਆ ਕਿ ਦੋ ਪੁਲਿਸ ਮੁਲਾਜ਼ਮ ਬਿਨਾਂ ਬੁਲਾਏ ਉਨ੍ਹਾਂ ਦੇ ਸਮਾਗਮ ਵਿੱਚ ਘੁੰਮ ਰਹੇ ਸਨ ਅਤੇ ਸ਼ਰਾਬੀ ਵੀ ਸਨ। ਜਦੋਂ ਉਨ੍ਹਾਂ ਦੀ ਪਛਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕੋਈ ਜਵਾਬ ਦੇਣ ਦੀ ਬਜਾਏ ਉਨ੍ਹਾਂ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਪੂਰੀ ਜਾਣਕਾਰੀ ਲੈਣ ਤੋਂ ਬਾਅਦ ਵਿਧਾਇਕ ਅਮਨ ਅਰੋੜਾ ਨੇ ਸਭ ਤੋਂ ਪਹਿਲਾਂ ਖੁਦ ਦੋਵਾਂ ਪੁਲਿਸ ਮੁਲਾਜ਼ਮਾਂ ਦੀ ਕਲਾਸ ਲਗਾਈ।
ਜਦੋਂ ਲੋਕਾਂ ਨੇ ਦੱਸਿਆ ਕਿ ਉਹ ਪਤਾਰਾ ਥਾਣੇ ਦਾ ਮੁਲਾਜ਼ਮ ਹੈ ਤਾਂ ਵਿਧਾਇਕ ਨੇ ਪਹਿਲਾਂ ਐਸ.ਐਚ.ਓ ਨੂੰ ਮੌਕੇ ’ਤੇ ਬੁਲਾਇਆ। ਪਤਾਰਾ ਨਾਲ ਫੋਨ ‘ਤੇ ਗੱਲ ਕੀਤੀ ਗਈ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ‘ਚ ਲਿਆਂਦਾ ਅਤੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਲਈ ਕਿਹਾ। ਐਸ.ਐਸ.ਪੀ. ਡਾ: ਅੰਕੁਰ ਗੁਪਤਾ ਨੇ ਏ.ਐਸ.ਆਈ. ਕੇਵਲ ਸਿੰਘ ਅਤੇ ਸੁਰਿੰਦਰ ਪਾਲ ਨੂੰ ਮੁਅੱਤਲ ਕੀਤੇ ਜਾਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਵਿਭਾਗੀ ਜਾਂਚ ਵੀ ਕੀਤੀ ਜਾ ਰਹੀ ਹੈ।