ਫਾਜ਼ਿਲਕਾ : ਫਾਜ਼ਿਲਕਾ ਵਿੱਚ ਲਗਾਤਾਰ ਬਿਜਲੀ ਕੱਟਾਂ ਤੋਂ ਲੋਕ ਪ੍ਰੇਸ਼ਾਨ ਹਨ। ਇਸ ਦੇ ਨਾਲ ਹੀ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੂੰ ਵੀ ਸਰਕਾਰੀ ਦਫ਼ਤਰਾਂ ਵਿੱਚ ਅਧਿਕਾਰੀ ਉਪਲਬਧ ਨਾ ਹੋਣ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਸਨ। ਇਨ੍ਹਾਂ ਸ਼ਿਕਾਇਤਾਂ ਤੋਂ ਬਾਅਦ ਵਿਧਾਇਕ ਸਵਨਾ ਨੇ ਅੱਜ ਸਰਕਾਰੀ ਸਮੇਂ ਦੌਰਾਨ ਬਿਜਲੀ ਵਿਭਾਗ ਦੇ ਦਫ਼ਤਰ ਵਿੱਚ ਅਚਾਨਕ ਛਾਪਾ ਮਾਰਿਆ। ਉਨ੍ਹਾਂ ਇਸ ਦੌਰਾਨ ਕਈ ਕਰਮਚਾਰੀ ਗੈਰ ਹਾਜ਼ਰ ਪਾਏ।

ਇਸ ਤੋਂ ਬਾਅਦ ਵਿਧਾਇਕ ਖੁਦ ਦਫ਼ਤਰ ‘ਚ ਬੈਠ ਗਏ ਅਤੇ ਇਕ ਤੋਂ ਬਾਅਦ ਇਕ ਕਰਮਚਾਰੀ ਸਮੇਂ ‘ਤੇ ਨਾ ਪਹੁੰਚਣ ‘ਤੇ ਦੇਰੀ ਨਾਲ ਦਫ਼ਤਰ ਪਹੁੰਚਦੇ ਦੇਖੇ ਗਏ, ਜਿਨ੍ਹਾਂ ਨੂੰ ਲੈ ਕੇ ਵਿਧਾਇਕ ਨੇ ਸਖ਼ਤ ਕਲਾਸ ਲਗਾਈ। ਵਿਧਾਇਕ ਸਵਨਾ ਨੇ ਕਿਹਾ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਅਧਿਕਾਰੀ ਅਤੇ ਕਰਮਚਾਰੀ ਸਮੇਂ ਸਿਰ ਬਿਜਲੀ ਵਿਭਾਗ ਦੇ ਦਫ਼ਤਰ ਨਹੀਂ ਪਹੁੰਚ ਰਹੇ। ਇਸ ਤੋਂ ਬਾਅਦ ਉਨ੍ਹਾਂ ਅੱਜ ਅਚਾਨਕ ਬਿਜਲੀ ਦਫ਼ਤਰ ਵਿੱਚ ਛਾਪਾ ਮਾਰਿਆ।

ਇਸ ਤੋਂ ਬਾਅਦ ਉਹ ਐਕਸੀਅਨ ਦਫ਼ਤਰ ਵਿੱਚ ਬੈਠ ਗਏ। ਐਕਸੀਅਨ ਵੀ ਵਿਧਾਇਕ ਸਵਨਾ ਦੇ ਆਉਣ ਤੋਂ ਬਾਅਦ ਦਫ਼ਤਰ ਪੁੱਜੇ ਅਤੇ ਉਨ੍ਹਾਂ ਚੰਡੀਗੜ੍ਹ ਚਲੇ ਜਾਣ ਦੀ ਦਲੀਲ ਦਿੱਤੀ। ਕਈ ਹੋਰ ਮੁਲਾਜ਼ਮ ਵੀ ਦੇਰੀ ਨਾਲ ਦਫ਼ਤਰ ਪੁੱਜੇ। ਅੰਤ ਵਿੱਚ ਵਿਧਾਇਕ ਸਵਨਾ ਨੇ ਸਮੂਹ ਮੁਲਾਜ਼ਮਾਂ ਨੂੰ ਐਕਸੀਅਨ ਦੇ ਦਫ਼ਤਰ ਵਿੱਚ ਬੁਲਾ ਕੇ ਉਨ੍ਹਾਂ ਦੀ ਪੂਰੀ ਕਲਾਸ ਲਗਾਈ। ਵਿਧਾਇਕ ਨੇ ਸਪੱਸ਼ਟ ਕੀਤਾ ਕਿ ਲੋਕਾਂ ਦੇ ਕੰਮ ਸਮੇਂ ਸਿਰ ਹੋਣੇ ਚਾਹੀਦੇ ਹਨ। ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੀ ਸ਼ਿਕਾਇਤ ਆਉਂਦੀ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

Leave a Reply