ਪੰਜਾਬ : ਸ਼ਹਿਰ ‘ਚ ਲੁਟੇਰਿਆਂ ਦਾ ਆਤੰਕ ਜਾਰੀ ਹੈ। ਅਜਿਹਾ ਹੀ ਇੱਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਲੁਟੇਰਿਆਂ ਨੇ ਇੱਕ ਲੜਕੀ ਨੂੰ ਆਪਣਾ ਸ਼ਿਕਾਰ ਬਣਾਇਆ। ਜਿਵੇਂ ਹੀ ਉਨ੍ਹਾਂ ਨੇ ਲੜਕੀ ਤੋਂ ਮੋਬਾਈਲ ਖੋਹਿਆ, ਤਾਂ ਲੜਕੀ ਨੇ ਆਪਣਾ ਫ਼ੋਨ ਨਾ ਛੱਡਿਆ ਤਾਂ ਬਾਈਕ ਸਵਾਰ ਉਸ ਨੂੰ ਕਰੀਬ 400 ਮੀਟਰ ਤੱਕ ਘਸੀਟ ਕੇ ਲੈ ਗਏ, ਜਿਸ ਦੀ ਸੀ.ਸੀ.ਟੀ.ਵੀ ਫੁਟੇਜ ਵੀ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਲੁੱਟ ਦੀ ਵਾਰਦਾਤ ਦੀ ਸੀ.ਸੀ.ਟੀ.ਵੀ. ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਹੀ ਪੁਲਿਸ ਹਰਕਤ ‘ਚ ਆ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਫਿਲਹਾਲ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਘਟਨਾ ਦੁਪਹਿਰ 1:30 ਵਜੇ ਦੇ ਕਰੀਬ ਵਾਪਰੀ। ਪੀੜਤ ਲੜਕੀ ਲਕਸ਼ਮੀ ਨੇ ਦੱਸਿਆ ਕਿ ਉਹ 12ਵੀਂ ਜਮਾਤ ਦੀ ਵਿਦਿਆਰਥਣ ਹੈ। ਜਦੋਂ ਉਹ ਆਪਣੀ ਭਰਜਾਈ ਨੂੰ ਮਿਲ ਕੇ ਘਰ ਵਾਪਸ ਆ ਰਹੀ ਸੀ ਤਾਂ ਬਾਈਕ ਸਵਾਰ ਲੁਟੇਰਿਆਂ ਨੇ ਉਸ ਦਾ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ। ਅਜਿਹੇ ‘ਚ ਜਦੋਂ ਉਸ ਨੇ ਆਪਣਾ ਮੋਬਾਈਲ ਨਹੀਂ ਛੱਡਿਆ ਤਾਂ ਬਾਈਕ ਸਵਾਰ ਉਸ ਨੂੰ ਖਿੱਚ ਕੇ ਲੈ ਗਏ।
ਲੜਕੀ ਨੇ ਦੱਸਿਆ ਕਿ ਬਾਈਕ ਸਵਾਰ ਮੁਲਜ਼ਮਾਂ ਵਿੱਚੋਂ ਇੱਕ ਨੌਜਵਾਨ ਸਰਦਾਰ ਸੀ। ਉਸ ਦਾ ਮੂੰਹ ਬੰਨ੍ਹਿਆ ਹੋਇਆ ਸੀ। ਇਸ ਦੌਰਾਨ ਜਦੋਂ ਉਹ ਉੱਚੀ-ਉੱਚੀ ਰੌਲਾ ਪਾਉਣ ਲੱਗੀ ਤਾਂ ਆਸ-ਪਾਸ ਦੇ ਲੋਕ ਉਸ ਨੂੰ ਬਚਾਉਣ ਲਈ ਅੱਗੇ ਆਏ ਅਤੇ ਲੁਟੇਰਿਆਂ ਦਾ ਪਿੱਛਾ ਕੀਤਾ। ਬਾਈਕ ਨਾਲ ਘਸੀਟਏ ਜਾਣ ਕਾਰਨ ਉਸ ਦੇ ਕੱਪੜੇ ਵੀ ਫਟ ਗਏ ਪਰ ਬਾਈਕ ਸਵਾਰ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ‘ਚ ਸਫ਼ਲ ਹੋ ਗਏ ਅਤੇ ਫਰਾਰ ਹੋ ਗਏ।