ਹੈਲਥ ਨਿਊਜ਼: ਸਰਦੀ ਦਾ ਮੌਸਮ ਜਾ ਰਿਹਾ ਹੈ ਅਤੇ ਗਰਮੀ ਦਾ ਆਗਾਜ ਹੋ ਰਿਹਾ ਹੈ।ਇਹ ਮੌਸਮ ਬਦਲਦਾ ਹੈ ਤਾਂ ਇਸ ਦੌਰਾਨ ਸਰਦੀ, ਜ਼ੁਕਾਮ, ਖੰਘ, ਬੁਖ਼ਾਰ ਆਦਿ ਸਮੱਸਿਆਵਾਂ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖੋ ਅਤੇ ਅਜਿਹੀਆਂ ਚੀਜ਼ਾਂ ਦਾ ਸੇਵਨ ਕਰੋ, ਜਿਸ ਨਾਲ ਤੁਹਾਡਾ ਇਮਿਊਨ ਸਿਸਟਮ ਸਹੀ ਰਹੇ। ਬਦਲਦੇ ਮੌਸਮ ਵਿਚ ਹੋਣ ਵਾਲੀਆਂ ਬਿਮਾਰੀਆਂ ਤੋਂ ਰਾਹਤ ਪਾਉਣ ਲਈ ਆਓ ਜਾਣਦੇ ਹਾਂ ਕੁਝ ਘਰੇਲੂ ਨੁਸਖ਼ੇ ਜੋ ਤੁਹਾਡੇ ਸਰੀਰ ਨੂੰ ਬਦਲਦੇ ਮੌਸਮ ਦੀਆਂ ਬਿਮਾਰੀਆਂ ਤੋਂ ਬਚਾਉਣ ‘ਚ ਤੁਹਾਡੀ ਮਦਦ ਕਰਨਗੇ।

ਅਦਰਕ ਅਤੇ ਸ਼ਹਿਦ ਦਾ ਸੇਵਨ
ਅਦਰਕ ਅਤੇ ਸ਼ਹਿਦ ਦੋਵੇਂ ਚੀਜ਼ਾਂ ਜ਼ੁਕਾਮ-ਖੰਘ ਤੋਂ ਰਾਹਤ ਦਿਵਾਉਣ ਲਈ ਕਾਰਗਰ ਹਨ। ਅਦਰਕ ਦੀ ਤਾਸੀਰ ਗਰਮ ਹੁੰਦੀ ਹੈ। ਇਹ ਇਮਿਊਨਿਟੀ ਵਧਾਉਣ ਦਾ ਕੰਮ ਕਰਦੀ ਹੈ। 1 ਚਮਚ ਸੁੱਕਾ ਅਦਰਕ ਪਾਊਡਰ ਤੇ 1 ਚਮਚ ਸ਼ਹਿਦ ਦੇ ਨਾਲ ਦਿਨ ‘ਚ ਤਿੰਨ ਵਾਰ ਭੋਜਨ ਤੋਂ ਅੱਧਾ ਘੰਟਾ ਪਹਿਲਾਂ ਲਓ। ਇਸ ਨਾਲ ਜ਼ੁਕਾਮ-ਖੰਘ ਤੋਂ ਜਲਦੀ ਰਾਹਤ ਮਿਲੇਗੀ। ਬੱਚਿਆਂ ਨੂੰ ਇਹ ਮਿਸ਼ਰਨ ਇੱਕ ਚੌਥਾਈ ਚਮਚ ਦੇ ਹਿਸਾਬ ਨਾਲ ਦਿਓ।

ਕੋਸਾ ਲੂਣ ਵਾਲਾ ਪਾਣੀ
ਬਦਲਦੇ ਮੌਸਮ ਵਿਚ ਜੇਕਰ ਤੁਸੀਂ ਖੰਘ ਅਤੇ ਜ਼ੁਕਾਮ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਕੋਸੇ ਲੂਣ ਵਾਲੇ ਪਾਣੀ ਦਾ ਸੇਵਨ ਕਰੋ। ਲੂਣ ਵਾਲੇ ਕੋਸੇ ਪਾਣੀ ਨਾਲ ਦਿਨ ‘ਚ 3 ਵਾਰ ਗਰਾਰੇ ਕਰਨ ਨਾਲ ਗਲੇ ਵਿੱਚ ਜੰਮੀ ਕਫ਼ ਦੂਰ ਹੁੰਦੀ ਹੈ, ਜਿਸ ਨਾਲ ਖੰਘ ਅਤੇ ਜ਼ੁਕਾਮ ਦੀ ਸਮੱਸਿਆ ਜਲਦੀ ਠੀਕ ਹੋ ਜਾਂਦੀ ਹੈ। ਇਸ ਨਾਲ ਗਲੇ ਨੂੰ ਵੀ ਰਾਹਤ ਮਿਲਦੀ ਹੈ।

ਸ਼ਹਿਦ, ਨਿੰਬੂ ਅਤੇ ਇਲਾਇਚੀ ਦਾ ਮਿਸ਼ਰਣ
ਬਦਲਦੇ ਮੌਸਮ ਵਿਚ ਖੰਘ ਅਤੇ ਜ਼ੁਕਾਮ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਸ਼ਹਿਦ, ਨਿੰਬੂ ਅਤੇ ਇਲਾਇਚੀ ਦੇ ਮਿਸ਼ਰਣ ਦਾ ਸੇਵਨ ਕਰੋ। ਇਸ ਲਈ 1 ਚਮਚ ਸ਼ਹਿਦ ਵਿੱਚ ਚੁੱਟਕੀ ਭਰ ਇਲਾਇਚੀ ਅਤੇ ਕੁਝ ਬੂੰਦਾਂ ਨਿੰਬੂ ਦੇ ਰਸ ਦੀਆਂ ਲੈ ਕੇ ਮਿਸ਼ਰਣ ਬਣਾ ਲਓ। ਦਿਨ ਵਿਚ 2 ਵਾਰ ਇਸ ਨੂੰ ਲੈਣ ਨਾਲ ਖੰਘ ਅਤੇ ਜ਼ੁਕਾਮ ਦੀ ਸਮੱਸਿਆ ਤੋਂ ਰਾਹਤ ਮਿਲੇਗੀ।

ਕਾਲੀ ਮਿਰਚ ਅਤੇ ਸ਼ਹਿਦ
ਬਦਲਦੇ ਮੌਸਮ ਵਿਚ ਜ਼ੁਕਾਮ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਕਾਲੀ ਮਿਰਚ ਦਾ ਇਸਤੇਮਾਲ ਕਰੋ। ਕਾਲੀ ਮਿਰਚ ਦੇ ਪਾਊਡਰ ਨੂੰ ਸ਼ਹਿਦ ਨਾਲ ਚੱਟਣ ‘ਤੇ ਜ਼ੁਕਾਮ ਅਤੇ ਨੱਕ ਵਗਣ ਦੀ ਬਿਮਾਰੀ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਤੁਸੀਂ ਅੱਧਾ ਚਮਚ ਕਾਲੀ ਮਿਰਚ ਪਾਊਡਰ ਅਤੇ ਇਕ ਚਮਚ ਚੀਨੀ ਮਿਕਸ ਕਰਕੇ ਦਿਨ ਵਿਚ ਦੋ ਵਾਰ ਇਕ ਗਲਾਸ ਕੋਸੇ ਦੁੱਧ ਨਾਲ ਲੈ ਸਕਦੇ ਹੋ।

ਲਸਣ ਦਾ ਇਸਤੇਮਾਲ
ਬਦਲਦੇ ਮੌਸਮ ਵਿਚ ਜ਼ੁਕਾਮ ਅਤੇ ਖੰਘ ਤੋਂ ਨਿਜ਼ਾਤ ਪਾਉਣ ਲਈ ਲਸਣ ਦਾ ਸੇਵਨ ਕਰੋ। ਲਸਣ ‘ਚ ਜ਼ੁਕਾਮ ਨੂੰ ਦੂਰ ਕਰਨ ਵਾਲੇ ਤੱਤ ਪਾਏ ਜਾਂਦੇ ਹਨ। ਸਰਦੀਆਂ ਵਿੱਚ ਭੁੰਨਿਆ ਹੋਇਆ ਲਸਣ ਖਾਣ ਨਾਲ ਵੀ ਠੰਡ ਅਤੇ ਖੰਘ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਤੁਸੀਂ ਰੋਜ਼ਾਨਾ ਲਸਣ ਦਾ ਸੇਵਨ ਖ਼ੁਰਾਕ ਵਿਚ ਵੀ ਕਰ ਸਕਦੇ ਹੋ।

Leave a Reply