ਗੁਰਦਾਸਪੁਰ : ਬੀਤੀ ਦੇਰ ਰਾਤ ਬਟਾਲਾ ਰੋਡ ‘ਤੇ ਸਥਿਤ ਇਕ ਸ਼ੋਅਰੂਮ ‘ਚ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਸਬੰਧੀ ਬਟਾਲਾ ਰੋਡ ‘ਤੇ ਸਥਿਤ ਰਾਹੁਲ ਹੋਮ ਸ਼ੌਪੀ ਸ਼ੋਅਰੂਮ ਦੇ ਮਾਲਕ ਨੇ ਦੱਸਿਆ ਕਿ ਰਾਤ 12.30 ਵਜੇ ਉਨ੍ਹਾਂ ਨੂੰ ਫ਼ੋਨ ਆਇਆ ਕਿ ਦੁਕਾਨ ਨੂੰ ਅੱਗ ਲੱਗ ਗਈ ਹੈ। ਇਸ ਦੌਰਾਨ ਹਫੜਾ-ਦਫੜੀ ਮੱਚ ਗਈ। ਇਸ ਤੋਂ ਬਾਅਦ ਜਦੋਂ ਉਹ ਦੁਕਾਨ ‘ਤੇ ਪਹੁੰਚਿਆ ਤਾਂ ਅੰਦਰੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ, ਜਿਸ ਕਾਰਨ ਉਸ ਦੀ ਦੁਕਾਨ ਦਾ ਕਾਫੀ ਸਾਮਾਨ ਸੜ ਗਿਆ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ, ਜਿਸ ‘ਤੇ ਬਟਾਲਾ ਅਤੇ ਗੁਰਦਾਸਪੁਰ ਤੋਂ ਕਰੀਬ 15 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ 4 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।
ਅੱਗ ਬੁਝਾਉਣ ਤੱਕ ਸ਼ੋਅਰੂਮ ਵਿੱਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੁਕਾਨ ਮਾਲਕ ਨੇ ਦੱਸਿਆ ਕਿ ਬੇਸਮੈਂਟ ਦੇ ਉਪਰਲੇ ਸ਼ੋਅਰੂਮ ਵਿੱਚ ਰੱਖਿਆ ਸਾਰਾ ਸਾਮਾਨ ਜਿਵੇਂ ਬੱਚਿਆਂ ਦੇ ਖਿਡੌਣੇ, ਗਿਫਟ ਆਈਟਮਾਂ, ਬੈੱਡ, ਸੋਫੇ ਅਤੇ ਫਰਨੀਚਰ ਪੂਰੀ ਤਰ੍ਹਾਂ ਸੜ ਗਿਆ ਅਤੇ ਇਸ ਹਾਦਸੇ ਵਿੱਚ ਦੁਕਾਨ ਦਾ ਕੁਝ ਵੀ ਨਹੀਂ ਬਚਿਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਾਰਨ ਕਰੀਬ ਡੇਢ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ।
ਇਸ ਸਬੰਧੀ ਫਾਇਰ ਵਿਭਾਗ ਦੇ ਮੁਲਾਜ਼ਮ ਅਜਮੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਕਰੀਬ 1 ਵਜੇ ਫੋਨ ਆਇਆ ਕਿ ਸ਼ੋਅਰੂਮ ਵਿੱਚ ਅੱਗ ਲੱਗ ਗਈ ਹੈ, ਜਿਸ ’ਤੇ ਉਹ ਤੁਰੰਤ ਸ਼ੋਅਰੂਮ ਵਿੱਚ ਪੁੱਜੇ। ਇਸ ਦੇ ਨਾਲ ਹੀ ਬਟਾਲਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੰਗਵਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਅੱਗ ਬਹੁਤ ਭਿਆਨਕ ਸੀ ਜਿਸ ਨੂੰ ਫਾਇਰ ਬ੍ਰਿਗੇਡ ਦੀਆਂ 16-17 ਗੱਡੀਆਂ ਦੀ ਮਦਦ ਨਾਲ ਕਰੀਬ 4 ਘੰਟੇ ਵਿੱਚ ਬੁਝਾਇਆ ਗਿਆ। ਉਨ੍ਹਾਂ ਦੱਸਿਆ ਕਿ ਦੁਕਾਨ ਦਾ ਕਾਫੀ ਨੁਕਸਾਨ ਹੋਇਆ ਹੈ।