ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Union Finance Minister Nirmala Sitharaman) ਨੇ ਅੱਜ ਮੋਦੀ ਸਰਕਾਰ (The Modi Government) ਦੇ ਤੀਜੇ ਕਾਰਜਕਾਲ ਦਾ ਪਹਿਲਾ ਆਮ ਬਜਟ ਪੇਸ਼ ਕੀਤਾ। ਪੀ.ਐਮ ਮੋਦੀ ਨੇ ਬਜਟ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਹ ਹਰ ਵਰਗ ਨੂੰ ਤਾਕਤ ਦੇਣ ਵਾਲਾ ਬਜਟ ਹੈ। ਇਸ ਦੌਰਾਨ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ (Congress MP Rahul Gandhi) ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਇਸ ਨੂੰ ‘ਕੁਰਸੀ ਬਚਾਓ’ ਦਾ ਬਜਟ ਕਿਹਾ ਹੈ।
ਰਾਹੁਲ ਗਾਂਧੀ ਨੇ ਐਕਸ ‘ਤੇ ਪੋਸਟ ਕਰਦੇ ਹੋਏ ਬਜਟ ਨੂੰ ਆਪਣੇ ਸਹਿਯੋਗੀਆਂ ਨੂੰ ਖੁਸ਼ ਕਰਨ ਵਾਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਉਨ੍ਹਾਂ ਦੇ ਦੋਸਤਾਂ ਨੂੰ ਖੁਸ਼ ਕਰਨ ਲਈ ਲਿਆਂਦਾ ਗਿਆ ਹੈ। ਇਸ ਨਾਲ AA (ਅਡਾਨੀ ਅੰਬਾਨੀ) ਨੂੰ ਫਾਇਦਾ ਹੋਵੇਗਾ ਅਤੇ ਆਮ ਭਾਰਤੀ ਨੂੰ ਕੋਈ ਰਾਹਤ ਨਹੀਂ ਮਿਲੇਗੀ। ਕਾਂਗਰਸੀ ਆਗੂ ਨੇ ਇਸ ਬਜਟ ਨੂੰ ਕਾਪੀ ਪੇਸਟ ਕਰਾਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਜਟ ਕਾਂਗਰਸ ਦੇ ਚੋਣ ਮਨੋਰਥ ਪੱਤਰ ਅਤੇ ਪਿਛਲੇ ਬਜਟਾਂ ਦੀ ਨਕਲ ਕੀਤਾ ਗਿਆ ਹੈ।
ਇਹ ‘ਨਕਲ’ ਅਤੇ ‘ਮੋਦੀ ਸਰਕਾਰ ਬਚਾਓ’ ਬਜਟ ਹੈ: ਖੜਗੇ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਯਾਨੀ ਮੰਗਲਵਾਰ ਨੂੰ ਦੋਸ਼ ਲਾਇਆ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਜਿਹਾ ਬਜਟ ਪੇਸ਼ ਕੀਤਾ ਹੈ ਜੋ ਦੇਸ਼ ਦੀ ਤਰੱਕੀ ਨਹੀਂ ਸਗੋਂ ‘ਮੋਦੀ ਸਰਕਾਰ ਨੂੰ ਬਚਾਏਗਾ’ । ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਹ ‘ਨਕਲ ਦਾ ਬਜਟ’ ਹੈ ਜਿਸ ਵਿੱਚ ਸਰਕਾਰ ਕਾਂਗਰਸ ਦੇ ‘ਨਿਆਏ’ ਏਜੰਡੇ ਦੀ ਸਹੀ ਨਕਲ ਨਹੀਂ ਕਰ ਸਕੀ ਹੈ। ਖੜਗੇ ਨੇ ‘ਐਕਸ’ ‘ਤੇ ਪੋਸਟ ਕੀਤਾ, ‘ਕਾਂਗਰਸ ਦੇ ਇਨਸਾਫ਼ ਏਜੰਡੇ ਦੀ ਸਹੀ ਤਰ੍ਹਾਂ ਨਕਲ ਨਹੀਂ ਕਰ ਸਕਿਆ ਮੋਦੀ ਸਰਕਾਰ ਦਾ ‘ਨਕਲ ਬਜਟ’!’ ਮੋਦੀ ਸਰਕਾਰ ਦਾ ਬਜਟ ਆਪਣੇ ਗਠਜੋੜ ਦੇ ਭਾਈਵਾਲਾਂ ਨੂੰ ਧੋਖਾ ਦੇਣ ਲਈ ਅੱਧ-ਪੱਕੀਆਂ ‘ਰਿਵੜੀਆਂ’ ਵੰਡ ਰਿਹਾ ਹੈ, ਤਾਂ ਜੋ ਰਾਜਗ ਬਚੀ ਰਹੇ।ਇਹ ਦੇਸ਼ ਦੀ ਤਰੱਕੀ ਦਾ ਬਜਟ ਨਹੀ ਮੋਦੀ ਸਰਕਾਰ ਬਚਾਓ ਬਜਟ ਹੈ।
ਉਨ੍ਹਾਂ ਕਿਹਾ, ”10 ਸਾਲਾਂ ਬਾਅਦ ਉਨ੍ਹਾਂ ਨੌਜਵਾਨਾਂ ਦੇ ਲਈ ਸੀਮਤ ਐਲਾਨ ਹੋਏ ਹਨ ਜੋ ਸਲਾਨਾ ਦੋ ਕਰੋੜ ਨੌਕਰੀਆਂ ਦੇ ਮੁੱਦੇ ਦਾ ਸਾਹਮਣਾ ਕਰ ਰਹੇ ਹਨ। ਕਿਸਾਨਾਂ ਲਈ ਸਿਰਫ਼ ਸਤਹੀ ਗੱਲਾਂ ਹੀ ਹੋਈਆਂ ਹਨ। ਘੱਟੋ-ਘੱਟ ਸਮਰਥਨ ਮੁੱਲ ਦਾ ਡੇਢ ਗੁਣਾ ਅਤੇ ਆਮਦਨ ਦੁੱਗਣੀ ਕਰਨਾ, ਸਭ ਚੋਣ ਧੋਖਾਧੜੀ ਸਾਬਤ ਹੋਇਆ। ਇਸ ਸਰਕਾਰ ਦਾ ਪੇਂਡੂ ਮਜ਼ਦੂਰੀ (ਆਮਦਨ) ਵਧਾਉਣ ਦਾ ਕੋਈ ਇਰਾਦਾ ਨਹੀਂ ਹੈ। ਕਾਂਗਰਸ ਪ੍ਰਧਾਨ ਅਨੁਸਾਰ ਦਲਿਤਾਂ, ਆਦਿਵਾਸੀਆਂ, ਪਛੜੇ ਵਰਗਾਂ, ਘੱਟ ਗਿਣਤੀਆਂ, ਮੱਧ ਵਰਗ ਅਤੇ ਪੇਂਡੂ ਗਰੀਬ ਲੋਕਾਂ ਲਈ ਕੋਈ ਕ੍ਰਾਂਤੀਕਾਰੀ ਯੋਜਨਾ ਨਹੀਂ ਹੈ, ਜਿਵੇਂ ਕਿ ਕਾਂਗਰਸ ਦੀ ਅਗਵਾਈ ਵਾਲੇ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਵੱਲੋਂ ਲਾਗੂ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਔਰਤਾਂ ਲਈ ਇਸ ਬਜਟ ਵਿੱਚ ਅਜਿਹਾ ਕੁਝ ਨਹੀਂ ਹੈ, ਜਿਸ ਨਾਲ ਉਨ੍ਹਾਂ ਦੀ ਆਰਥਿਕ ਸਮਰੱਥਾ ਵਿੱਚ ਵਾਧਾ ਹੋਵੇਗਾ ਅਤੇ ਉਹ ਕਿਰਤ ਸ਼ਕਤੀ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਸਕਣਗੀਆਂ।