ਵਡੋਦਰਾ : ਵਡੋਦਰਾ ਦੀ ਇੱਕ ਫੈਸ਼ਨ ਡਿਜ਼ਾਈਨਰ ਨੂੰ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਯੋਗਾ ਕਰਨ ਤੋਂ ਬਾਅਦ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਮੱਦੇਨਜ਼ਰ ਪੁਲਿਸ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਇਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਫੈਸ਼ਨ ਡਿਜ਼ਾਈਨਰ ਅਤੇ ਸੋਸ਼ਲ ਮੀਡੀਆ ਪ੍ਰਭਾਵਕ ਅਰਚਨਾ ਮਕਵਾਨਾ ਨੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ 21 ਜੂਨ ਨੂੰ ਮੰਦਰ ‘ਚ ਸ਼ਿਰਸ਼ਾਸਨ ਕੀਤਾ ਅਤੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ। ਇਹ ਤਸਵੀਰਾਂ ਵਾਇਰਲ ਹੋਈਆਂ, ਜਿਸ ਤੋਂ ਬਾਅਦ ਅਰਚਨਾ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਅਰਚਨਾ ਨੇ ਇਸ ਲਈ ਮੁਆਫੀ ਮੰਗਦਿਆਂ ਕਿਹਾ ਕਿ ਉਸ ਦਾ ਮਕਸਦ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ।
ਪੰਜਾਬ ਪੁਲਿਸ ਨੇ ਬੀਤੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ਤੋਂ ਬਾਅਦ ਅਰਚਨਾ ਵਿਰੁੱਧ ਭਾਰਤੀ ਦੰਡਾਵਲੀ (IPC) ਦੀ ਧਾਰਾ 295-ਏ (ਕਿਸੇ ਵਰਗ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਾਣਬੁੱਝ ਕੇ ਭੜਕਾਉਣ ਦੇ ਇਰਾਦੇ ਨਾਲ) ਤਹਿਤ ਕੇਸ ਦਰਜ ਕੀਤਾ ਹੈ। ਵਡੋਦਰਾ ਪੁਲਿਸ ਦੇ ਇੱਕ ਅਧਿਕਾਰੀ ਨੇ ਅੱਜ ਦੱਸਿਆ ਕਿ ਅਰਚਨਾ ਨੂੰ ਬੀਤੇ ਦਿਨ ਤੋਂ ਇੱਕ ਹਫ਼ਤੇ ਲਈ ਸਥਾਨਕ ਪੱਧਰ ‘ਤੇ ਪੁਲਿਸ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਲੋੜ ਪੈਣ ‘ਤੇ ਸੁਰੱਖਿਆ ਵਧਾਈ ਜਾ ਸਕਦੀ ਹੈ। ਸੋਸ਼ਲ ਮੀਡੀਆ ‘ਤੇ ਆਲੋਚਨਾ ਹੋਣ ਤੋਂ ਬਾਅਦ ਅਰਚਨਾ ਨੇ ਆਪਣੀਆਂ ਤਸਵੀਰਾਂ ਨੂੰ ਹਟਾ ਦਿੱਤਾ ਅਤੇ ਮੁਆਫੀ ਦੇ ਤੌਰ ‘ਤੇ ਇਕ ਵੀਡੀਓ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਮੰਦਰ ਵਿੱਚ ਯੋਗਾ ਕਰਨ ਪਿੱਛੇ ਉਨ੍ਹਾਂ ਦਾ ਮਨੋਰਥ ਏਕਤਾ ਅਤੇ ਤੰਦਰੁਸਤੀ ਦਾ ਸੰਦੇਸ਼ ਦੇਣਾ ਸੀ।
ਮੈਂ ਮੁਆਫ਼ੀ ਮੰਗਦੀ ਹਾਂ..
ਮੈਂ ਧੰਨਵਾਦ ਕਰਨ ਲਈ ਯੋਗ ਦਿਵਸ ‘ਤੇ ਸ਼ਿਰਸ਼ਾਸਨ ਕੀਤਾ ਸੀ ਅਤੇ ਮੇਰਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਮੈਂ ਇਸ ਬਾਰੇ ਸੋਚਿਆ ਵੀ ਨਹੀਂ ਸੀ। ਤੁਹਾਨੂੰ ਬੁਰਾ ਲੱਗਾ ਇਹ ਜਾਣ ਕੇ ਮੈਨੂੰ ਵੀ ਬੁਰਾ ਲੱਗਾ। ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮੇਰਾ ਕੋਈ ਇਰਾਦਾ ਨਹੀਂ ਸੀ। ਮੈਂ ਮਾਫੀ ਚਾਹੁੰਦੀ ਹਾਂ…ਮੈਨੂੰ ਗਲਤ ਸਮਝਿਆ ਗਿਆ ਸੀ। ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਤੇ ਮੇਰੇ ਖ਼ਿਲਾਫ਼ ਅਪਮਾਨਜਨਕ ਭਾਸ਼ਾ ਵਰਤੀ ਜਾ ਰਹੀ ਹੈ। ਉਨ੍ਹਾਂ ਨੇ ਸੁਰੱਖਿਆ ਪ੍ਰਦਾਨ ਕਰਨ ਲਈ ਵਡੋਦਰਾ ਪੁਲਿਸ ਦਾ ਵੀ ਧੰਨਵਾਦ ਕੀਤਾ।