ਫਿਲੌਰ : ਪੁਰਾਣੀ ਰੰਜਿਸ਼ ਦੇ ਚੱਲਦਿਆਂ ਅੱਜ ਸਵੇਰੇ 11:30 ਵਜੇ ਸ਼ਹਿਰ ‘ਚ ਸ਼ਰੇਆਮ ਫਾਇਰਿੰਗ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ‘ਚ ਵਿਜੇ ਗੈਂਗ ਦਾ ਇੱਕ ਲੜਕਾ ਸੰਜੂ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਪਹਿਲਾਂ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ । ਇੱਥੋਂ ਡਾਕਟਰ ਨੇ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ।

ਜ਼ਖ਼ਮੀ ਦੀ ਪਛਾਣ ਸੰਜੂ ਮਸੀਹ ਪੁੱਤਰ ਕਾਲੂ ਮਸੀਹ ਵਾਸੀ ਮੁਹੱਲਾ ਮਲਾਹਾ, ਉੱਚੀ ਘਾਟੀ ਵਜੋਂ ਹੋਈ ਹੈ। ਲੜਾਈ ਦੀ ਖ਼ਬਰ ਮਿਲਦਿਆਂ ਹੀ ਮੁਹੱਲਾ ਉੱਚੀ ਘਾਟੀ ਦੇ ਸੈਂਕੜੇ ਲੋਕ ਮਹਿਲਾਵਾਂ ਸਮੇਤ ਥਾਣਾ ਫਿਲੌਰ ਅਤੇ ਸਿਵਲ ਹਸਪਤਾਲ ਫਿਲੌਰ ਵਿਖੇ ਪਹੁੰਚ ਗਏ। ਹਸਪਤਾਲ ਵਿਖੇ ਮੌਜੂਦ ਜ਼ਖ਼ਮੀ ਸੰਜੂ ਮਸੀਹ ਦੇ ਮਾਸੀ ਦੇ ਮੁੰਡੇ ਵਿਜੇ ਮਸੀਹ ਨੇ ਦੱਸਿਆ ਕਿ ਉਹ ਮਾਨਯੋਗ ਅਦਾਲਤ ਵਿੱਚ ਕਿਸੇ ਕੇਸ ਦੀ ਤਾਰੀਖ਼ ਭੁਗਤ ਕੇ ਘਰ ਵਾਪਸ ਜਾ ਰਹੇ ਸਨ ਕਿ ਮੁਹੱਲਾ ਮਿੱਠਾ ਖੂਹ ਵਿਖੇ ਪਹੁੱਚੇ ਤਾਂ ਇਥੇ ਖੜ੍ਹੇ ਸ਼ਿਵਾ ਪੁਤੱਰ ਸੱਤਪਾਲ ਨੇ ਉਨ੍ਹਾਂ ‘ਤੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਨ ਸੰਜੂ ਦੇ ਗੋਲ਼ੀ ਵੱਜ ਗਈ ਅਤੇ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ।

ਦੂਜੇ ਪਾਸੇ ਸ਼ਿਵਾ ਦੀ ਮਾਤਾ ਤਾਰਾ ਰਾਣੀ ਨੇ ਦੱਸਿਆ ਕਿ ਵਿਜੇ ਮਸੀਹ ਨੇ ਪਹਿਲਾ ਵੀ ਸਾਡੇ ਘਰ ‘ਤੇ ਹਮਲਾ ਕੀਤਾ ਸੀ ਅਤੇ ਅੱਜ ਵੀ ਵਿਜੇ ਨੇ ਆਪਣੇ ਹੋਰਨਾਂ ਸਾਥੀਆਂ ਨਾਲ ਸਾਡੇ ਘਰ ‘ਤੇ ਹਮਲਾ ਕਰਕੇ ਮੇਰੇ ਪੁੱਤਰ ਸ਼ਿਵਾ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਗੋਲ਼ੀ ਚਲਾਉਣ ਦੀ ਗੱਲ ‘ਤੇ ਕਿਹਾ ਕਿ ਸੰਜੂ ਉੱਪਰ ਗੋਲ਼ੀ ਉਸ ਦੇ ਸਾਥੀ ਵਿਜੇ ਨੇ ਹੀ ਚਲਾਈ ਹੈ।

Leave a Reply