ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ‘ਚੋਂ ਤਲਾਸ਼ੀ ਦੌਰਾਨ ਬਰਾਮਦ ਹੋਇਆ ਇਹ ਸਮਾਨ
By admin / January 25, 2024 / No Comments / Punjabi News
ਫ਼ਿਰੋਜ਼ਪੁਰ : ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ (Ferozepur Central Jail) ਵਿੱਚ ਤਲਾਸ਼ੀ ਅਭਿਆਨ ਦੌਰਾਨ 2 ਮੋਬਾਈਲ ਫ਼ੋਨ ਲਾਵਾਰਸ ਹਾਲਤ ਵਿੱਚ ਬਰਾਮਦ ਕੀਤੇ ਗਏ ਹਨ ਅਤੇ ਬਾਹਰੋਂ ਆਏ ਸ਼ਰਾਰਤੀ ਅਨਸਰਾਂ ਵੱਲੋਂ ਜੇਲ੍ਹ ਦੇ ਅੰਦਰ ਸੁੱਟੇ ਗਏ 11 ਪੈਕੇਟ, ਨਸ਼ੀਲੀਆਂ ਗੋਲੀਆਂ, ਤੰਬਾਕੂ ਦੇ ਪੈਕਟ, ਹੈੱਡਫ਼ੋਨ, ਡਾਟਾ ਕੇਬਲ, ਬੀੜੀਆਂ ਦੇ ਬੰਡਲ ਬਰਾਮਦ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਿਰੋਜ਼ਪੁਰ ਦੇ ਏ.ਐੱਸ.ਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਜੇਲ੍ਹ ਨਿਰਮਲਜੀਤ ਸਿੰਘ ਨੇ ਪੁਲਿਸ ਨੂੰ ਭੇਜੀ ਲਿਖਤੀ ਸੂਚਨਾ ‘ਚ ਦੱਸਿਆ ਹੈ ਕਿ ਜਦੋਂ ਉਨ੍ਹਾਂ ਮੁਲਾਜ਼ਮਾਂ ਦੇ ਨਾਲ ਬੈਰਕ ਨੰਬਰ 2 ਦੇ ਪਿਛਲੇ ਪਾਸੇ ਖਾਲੀ ਜਗ੍ਹਾ ਦੀ ਤਲਾਸ਼ੀ ਲਈ ਤਾਂ ਮੌਕੇ ‘ਤੇ ਛੁਪਾਏ ਦੋ ਓਪੋ ਟੱਚ ਸਕਰੀਨ ਅਤੇ ਇੱਕ ਕੀਪੈਡ ਸੈਮਸੰਗ ਮੋਬਾਈਲ ਬਿਨਾਂ ਸਿਮ ਕਾਰਡ ਅਤੇ ਬੈਟਰੀ ਦੇ ਬਰਾਮਦ ਕੀਤੇ ਗਏ।
ਜੇਲ੍ਹ ਅਧਿਕਾਰੀਆਂ ਅਨੁਸਾਰ ਬੀਤੀ ਰਾਤ ਕਿਸੇ ਅਣਪਛਾਤੇ ਵਿਅਕਤੀ ਨੇ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਦੇ ਬਗੀਚੇ ‘ਚ ਟੇਪ ਨਾਲ ਲਪੇਟ ਕੇ ਰੱਖੇ 11 ਪੈਕਟ ਸੁੱਟ ਦਿੱਤੇ, ਜਿਨ੍ਹਾਂ ਨੂੰ ਖੋਲ੍ਹਣ ‘ਤੇ 280 ਨਸ਼ੀਲੀਆਂ ਗੋਲੀਆਂ, 103 ਤੰਬਾਕੂ ਦੇ ਪੈਕਟ, 3 ਡਾਟਾ ਕੇਬਲ, 3 ਹੈੱਡਫ਼ੋਨ ਅਤੇ 6 ਬੀੜੀਆਂ ਦੇ ਬੰਡਲ ਅਤੇ 3 ਚਿਲਮ ਬਰਾਮਦ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।