ਫਰਾਂਸ ‘ਚ ਅੱਜ ਨੈਸ਼ਨਲ ਅਸੈਂਬਲੀ ਦੇ ਦੂਜੇ ਪੜਾਅ ਲਈ ਹੋਵੇਗੀ ਵੋਟਿੰਗ
By admin / July 7, 2024 / No Comments / Punjabi News
ਪੈਰਿਸ : ਫਰਾਂਸ ਵਿੱਚ ਅੱਜ ਨੈਸ਼ਨਲ ਅਸੈਂਬਲੀ ਦੇ ਦੂਜੇ ਪੜਾਅ ਲਈ ਵੋਟਿੰਗ ਹੋਵੇਗੀ। ਇਸ ਤੋਂ ਪਹਿਲਾਂ 30 ਜੂਨ ਨੂੰ ਚੋਣਾਂ ਹੋਈਆਂ ਸਨ। ਇਸ ਵਿੱਚ ਸੱਜੇ ਪੱਖੀ ਪਾਰਟੀ ਨੈਸ਼ਨਲ ਰੈਲੀ (NR ਨੂੰ ਸਭ ਤੋਂ ਵੱਧ 35.15% ਵੋਟਾਂ ਮਿਲੀਆਂ। ਖੱਬੇਪੱਖੀ ਨਿਊ ਪਾਪੂਲਰ ਫਰੰਟ (NFP) ਗਠਜੋੜ ਦੂਜੇ ਨੰਬਰ ‘ਤੇ ਰਿਹਾ। ਇਸ ਨੂੰ 27.99% ਵੋਟਾਂ ਮਿਲੀਆਂ। ਜਦੋਂ ਕਿ ਮੈਕਰੋਨ ਦੀ ਰੇਨੇਸੈਂਸ ਪਾਰਟੀ ਸਿਰਫ਼ 20.76% ਵੋਟਾਂ ਹੀ ਹਾਸਲ ਕਰ ਸਕੀ।
ਅੱਜ ਸਿਰਫ਼ ਉਹੀ ਉਮੀਦਵਾਰ ਖੜ੍ਹੇ ਹੋ ਸਕਦੇ ਹਨ ਜਿਨ੍ਹਾਂ ਨੂੰ ਪਹਿਲੇ ਪੜਾਅ ਵਿੱਚ 12.5 ਫ਼ੀਸਦੀ ਤੋਂ ਵੱਧ ਵੋਟਾਂ ਮਿਲੀਆਂ ਹੋਣ। ਨੈਸ਼ਨਲ ਅਸੈਂਬਲੀ ਵਿੱਚ ਬਹੁਮਤ ਹਾਸਲ ਕਰਨ ਲਈ ਕਿਸੇ ਵੀ ਪਾਰਟੀ ਨੂੰ 289 ਸੀਟਾਂ ਜਿੱਤਣੀਆਂ ਪੈਣਗੀਆਂ। ਫਰਾਂਸ ਦੀ ਸੰਸਦ ਦਾ ਕਾਰਜਕਾਲ 2027 ਵਿੱਚ ਖਤਮ ਹੋਣਾ ਸੀ, ਪਰ ਯੂਰਪੀਅਨ ਯੂਨੀਅਨ ਵਿੱਚ ਵੱਡੀ ਹਾਰ ਦੇ ਕਾਰਨ, ਰਾਸ਼ਟਰਪਤੀ ਮੈਕਰੋਨ ਨੇ ਇਸ ਮਹੀਨੇ ਸਮੇਂ ਤੋਂ ਪਹਿਲਾਂ ਸੰਸਦ ਨੂੰ ਭੰਗ ਕਰ ਦਿੱਤਾ ਸੀ।
ਦਰਅਸਲ, ਮੈਕਰੋਨ ਸਰਕਾਰ ਗਠਜੋੜ ਦੇ ਸਮਰਥਨ ‘ਤੇ ਚੱਲ ਰਹੀ ਸੀ। ਉਸ ਦੇ ਗਠਜੋੜ ਕੋਲ ਸਿਰਫ਼ 250 ਸੀਟਾਂ ਸਨ ਅਤੇ ਹਰ ਵਾਰ ਉਸ ਨੂੰ ਕਾਨੂੰਨ ਪਾਸ ਕਰਨ ਲਈ ਦੂਜੀਆਂ ਪਾਰਟੀਆਂ ਤੋਂ ਸਮਰਥਨ ਹਾਸਲ ਕਰਨਾ ਪੈਂਦਾ ਸੀ। ਵਰਤਮਾਨ ਵਿੱਚ ਸੱਜੇ ਪੱਖੀ ਪਾਰਟੀ ਨੈਸ਼ਨਲ ਰੈਲੀ (ਐਨ.ਆਰ) ਕੋਲ ਸੰਸਦ ਵਿੱਚ 88 ਸੀਟਾਂ ਹਨ। ਅੰਦਾਜ਼ਾ ਲਗਾਇਆ ਹੈ ਕਿ ਦੂਜੇ ਪੜਾਅ ਦੀ ਵੋਟਿੰਗ ਤੋਂ ਬਾਅਦ ਸੱਜੇ ਪੱਖੀ ਪਾਰਟੀ NR577 ਵਿੱਚੋਂ 230-280 ਸੀਟਾਂ ਜਿੱਤੇਗੀ। ਖੱਬੇ ਪੱਖੀ ਐਨ.ਐਫ.ਪੀ ਨੂੰ 125-165 ਸੀਟਾਂ ਮਿਲ ਸਕਦੀਆਂ ਹਨ।
ਮੈਕਰੌਨ ਹਾਰ ਜਾਣ ‘ਤੇ ਵੀ ਅਹੁਦੇ ‘ਤੇ ਬਣੇ ਰਹਿਣਗੇ
ਮੈਕਰੋਨ ਦੀ ਰੇਨੇਸੈਂਸ ਪਾਰਟੀ ਅਤੇ ਉਸ ਦੇ ਗਠਜੋੜ ਨੂੰ ਸਿਰਫ਼ 70 ਤੋਂ 100 ਸੀਟਾਂ ਮਿਲਣ ਦੀ ਸੰਭਾਵਨਾ ਹੈ। ਭਾਵੇਂ ਮੈਕਰੋਨ ਦੀ ਰੇਨੇਸੈਂਸ ਪਾਰਟੀ ਨੈਸ਼ਨਲ ਅਸੈਂਬਲੀ ਚੋਣਾਂ ਹਾਰ ਜਾਂਦੀ ਹੈ, ਮੈਕਰੋਨ ਅਹੁਦੇ ‘ਤੇ ਬਣੇ ਰਹਿਣਗੇ। ਮੈਕਰੋਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਕੋਈ ਵੀ ਜਿੱਤ ਜਾਵੇ, ਉਹ ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ। ਦਰਅਸਲ ਯੂਰਪੀ ਸੰਘ ਦੀਆਂ ਚੋਣਾਂ ‘ਚ ਹਾਰ ਤੋਂ ਬਾਅਦ ਜੇਕਰ ਮੈਕਰੋਨ ਦੀ ਪਾਰਟੀ ਸੰਸਦ ‘ਚ ਵੀ ਹਾਰ ਜਾਂਦੀ ਹੈ ਤਾਂ ਉਨ੍ਹਾਂ ‘ਤੇ ਰਾਸ਼ਟਰਪਤੀ ਦਾ ਅਹੁਦਾ ਛੱਡਣ ਦਾ ਦਬਾਅ ਬਣ ਸਕਦਾ ਹੈ। ਇਸ ਲਈ ਮੈਕਰੋਨ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਆਪਣਾ ਅਹੁਦਾ ਨਹੀਂ ਛੱਡਣਗੇ।
ਭਾਰਤ ਵਾਂਗ ਫਰਾਂਸ ਵਿੱਚ ਵੀ ਸੰਸਦ ਦੇ ਦੋ ਸਦਨ ਹਨ। ਸੰਸਦ ਦੇ ਉਪਰਲੇ ਸਦਨ ਨੂੰ ਸੈਨੇਟ ਅਤੇ ਹੇਠਲੇ ਸਦਨ ਨੂੰ ਨੈਸ਼ਨਲ ਅਸੈਂਬਲੀ ਕਿਹਾ ਜਾਂਦਾ ਹੈ। ਨੈਸ਼ਨਲ ਅਸੈਂਬਲੀ ਦੇ ਮੈਂਬਰਾਂ ਦੀ ਚੋਣ ਆਮ ਜਨਤਾ ਦੁਆਰਾ ਕੀਤੀ ਜਾਂਦੀ ਹੈ, ਜਦੋਂ ਕਿ ਸੈਨੇਟ ਦੇ ਮੈਂਬਰਾਂ ਦੀ ਚੋਣ ਨੈਸ਼ਨਲ ਅਸੈਂਬਲੀ ਦੇ ਮੈਂਬਰਾਂ ਅਤੇ ਅਧਿਕਾਰੀਆਂ ਦੁਆਰਾ ਕੀਤੀ ਜਾਂਦੀ ਹੈ। ਯੂਰਪੀਅਨ ਸੰਸਦ ਦੀਆਂ ਚੋਣਾਂ ਇਸ ਮਹੀਨੇ ਹੋਈਆਂ ਸਨ ਜਿਸ ਵਿੱਚ ਮੈਕਰੋਨ ਦੀ ਪਾਰਟੀ ਨੂੰ 15% ਤੋਂ ਘੱਟ ਵੋਟਾਂ ਮਿਲੀਆਂ ਸਨ। ਜਦੋਂ ਕਿ ਨੈਸ਼ਨਲ ਰੈਲੀ ਨੂੰ 31.4% ਵੋਟਾਂ ਮਿਲੀਆਂ। ਚੋਣ ਨਤੀਜੇ ਆਉਣ ਤੋਂ ਪਹਿਲਾਂ ਹੀ ਮੈਕਰੋਨ ਨੇ ਅਚਾਨਕ ਸੰਸਦ ਭੰਗ ਕਰ ਦਿੱਤੀ। ਮੈਕਰੋਨ ਨੇ ਕਿਹਾ ਕਿ ਉਹ ਇਸ ਤਰ੍ਹਾਂ ਰਾਜ ਨਹੀਂ ਕਰ ਸਕਦੇ ਜਿਵੇਂ ਕੁਝ ਹੋਇਆ ਹੀ ਨਹੀਂ ਹੈ।