ਫਗਵਾੜਾ : ਬੀਤੇ ਦਿਨੀਂ ਫਗਵਾੜਾ ਦੇ ਪਿੰਡ ਜਗਪਾਲਪੁਰ ਨੇੜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਵਲੋਂ ਇਕ ਨੌਜਵਾਨ ‘ਤੇ ਗੋਲੀਆਂ ਚਲਾ ਕੇ ਉਸ ਨੂੰ ਜ਼ਖਮੀ ਕਰਨ ਦੀ ਸਾਰੀ ਕਹਾਣੀ ਪੂਰੀ ਤਰ੍ਹਾਂ ਝੂਠੀ ਨਿਕਲੀ ਹੈ। ਤੁਹਾਨੂੰ ਦੱਸ ਦੇਈਏ ਕਿ ਉਪਰੋਕਤ ਮਾਮਲਾ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਹੈ, ਜਿਸ ‘ਚ ਕਈ ਤਰ੍ਹਾਂ ਦੇ ਦਾਅਵੇ ਆਦਿ ਕੀਤੇ ਗਏ ਹਨ।

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਅਤੇ ਡੀ.ਐਸ.ਪੀ. ਜਸਪ੍ਰੀਤ ਸਿੰਘ ਨੇ ਕੀਤਾ। ਐੱਸ.ਪੀ. ਭੱਟੀ ਨੇ ਦੱਸਿਆ ਕਿ ਅਸਲੀਅਤ ਇਹ ਹੈ ਕਿ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਨੌਜਵਾਨ ਰਵੀ ਪੁੱਤਰ ਹੰਸਰਾਜ ਵਾਸੀ ਪਿੰਡ ਜਗਪਾਲਪੁਰ ਤਹਿਸੀਲ ਫਗਵਾੜਾ ਜ਼ਿਲ੍ਹਾ ਕਪੂਰਥਲਾ ‘ਤੇ ਕਿਸੇ ਨੇ ਗੋਲੀ ਨਹੀਂ ਚਲਾਈ ਸੀ। ਉਸ ਨੂੰ ਲੱਗਣ ਵਾਲੀ ਗੋਲੀ ਉਸ ਕੋਲ ਮੌਜੂਦ ਨਾਜਾਇਜ਼ ਦੇਸੀ ਪਿਸਤੌਲ ਵਿੱਚੋਂ ਖ਼ੁਦ ਚਲਾਈ ਗਈ ਸੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਸੀ।

ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਰਵੀ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਥਾਣਾ ਰਾਵਲਪਿੰਡੀ ਵਿੱਚ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਐੱਸ.ਪੀ. ਭੱਟੀ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਰਵੀ ਕੋਲੋਂ ਇੱਕ ਨਾਜਾਇਜ਼ ਦੇਸੀ ਪਿਸਤੌਲ ਅਤੇ 9 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਨੇ ਗੁਪਤ ਸੂਤਰਾਂ ਤੋਂ ਖੁਲਾਸਾ ਕੀਤਾ ਸੀ ਕਿ ਮੁਲਜ਼ਮ ਰਵੀ ਕੋਲ ਇੱਕ ਗੈਰ-ਕਾਨੂੰਨੀ ਦੇਸੀ ਪਿਸਤੌਲ ਅਤੇ ਜਿੰਦਾ ਕਾਰਤੂਸ ਸਨ।

ਹਸਪਤਾਲ ‘ਚੋਂ ਇਲਾਜ ਕਰਵਾਉਣ ਤੋਂ ਬਾਅਦ ਜਦੋਂ ਸਰਕਾਰੀ ਡਾਕਟਰਾਂ ਵੱਲੋਂ ਉਸ ਨੂੰ ਫਿੱਟ ਐਲਾਨਿਆ ਗਿਆ ਤਾਂ ਪੁਲਿਸ ਨੇ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਉਸ ਨੇ ਖੁਦ ਮੰਨਿਆ ਕਿ ਜੋ ਕਹਾਣੀ ਉਸ ਵੱਲੋਂ ਘੜੀ ਗਈ ਸੀ, ਉਹ ਪੂਰੀ ਤਰ੍ਹਾਂ ਝੂਠੀ ਅਤੇ ਫਰਜ਼ੀ ਸੀ। ਐੱਸ.ਪੀ. ਭੱਟੀ ਨੇ ਦੱਸਿਆ ਕਿ ਮੁਲਜ਼ਮ ਰਵੀ ਖ਼ਿਲਾਫ਼ ਪਹਿਲਾਂ ਵੀ ਪੁਲੀਸ ਕੇਸ ਦਰਜ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਟੀਮ ਇਹ ਪਤਾ ਲਗਾ ਰਹੀ ਹੈ ਕਿ ਮੁਲਜ਼ਮ ਹੋਰ ਕਿੰਨੀਆਂ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਰਵੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

Leave a Reply