ਬਰਨਾਲਾ : ਪੰਜਾਬ ਸਰਕਾਰ ਨੇ ਪੰਜਾਬ ਵਾਸੀਆਂ ਨੂੰ ਖੁਸ਼ਖਬਰੀ ਦਿੱਤੀ ਹੈ। ਬਰਨਾਲਾ-ਲੁਧਿਆਣਾ ਰੋਡ (Barnala-Ludhiana road) ’ਤੇ ਪਿੰਡ ਮਹਿਲ ਕਲਾਂ ਨੇੜੇ ਪਿਛਲੇ 15 ਸਾਲਾਂ ਤੋਂ ਵਸੂਲੇ ਜਾਂਦੇ ਟੋਲ ਟੈਕਸ ਨੂੰ ਮੁਫ਼ਤ ਕਰ ਦਿੱਤਾ ਗਿਆ ਹੈ। ਹੁਣ ਜੋ ਵੀ ਵਾਹਨ ਇਸ ਸੜਕ ਤੋਂ ਗੁਜ਼ਰਦਾ ਹੈ, ਉਥੇ ਲੋਕਾਂ ਨੂੰ ਟੋਲ ਨਹੀਂ ਦੇਣਾ ਪਵੇਗਾ। ਵਰਨਣਯੋਗ ਹੈ ਕਿ ਮਹਿਲ ਕਲਾਂ ਟੋਲ ਪਲਾਜ਼ਾ (Toll Plaza) ਪਿਛਲੇ 15 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਸੀ ਅਤੇ ਹਰ ਰੋਜ਼ ਕਰੀਬ 10 ਹਜ਼ਾਰ ਵਾਹਨ ਇੱਥੋਂ ਲੰਘਦੇ ਹਨ ਅਤੇ ਇਸ ਟੋਲ ਪਲਾਜ਼ਾ ‘ਤੇ ਰੋਜ਼ਾਨਾ ਕਰੀਬ 5 ਲੱਖ ਰੁਪਏ ਵਾਹਨਾਂ ਤੋਂ ਵਸੂਲੇ ਜਾਂਦੇ ਸਨ।
ਪੰਜਾਬ ਸਰਕਾਰ ਨੇ ਮਹਿਲ ਕਲਾਂ ਟੋਲ ਬੰਦ ਕਰਨ ਦੇ ਹੁਕਮ ਦਿੱਤੇ ਹਨ। ਜਿਸ ਕਾਰਨ ਲੋਕਾਂ ਵਿੱਚ ਭਾਰੀ ਖੁਸ਼ੀ ਦਾ ਮਾਹੌਲ ਹੈ। ਪਿਛਲੇ 15 ਸਾਲਾਂ ਤੋਂ ਪੰਜਾਬ ਸਰਕਾਰ ਵੱਲੋਂ ਰੋਹਨ ਰਾਜਦੀਪ ਕੰਪਨੀ ਨਾਲ ਸਮਝੌਤੇ ਰਾਹੀਂ ਟੋਲ ਪਲਾਜ਼ਾ ਦਾ ਠੇਕਾ ਰੋਹਨ ਰਾਜਦੀਪ ਕੰਪਨੀ ਨੂੰ ਦਿੱਤਾ ਗਿਆ ਸੀ। ਲੋਕਾਂ ਵਿੱਚ ਇਸ ਗੱਲੋਂ ਨਾਰਾਜ਼ਗੀ ਸੀ ਕਿ ਬਰਨਾਲਾ ਤੋਂ ਲੁਧਿਆਣਾ ਜਾਣ ਵਾਲੇ ਰਸਤੇ ਵਿੱਚ ਦੋ ਥਾਵਾਂ ’ਤੇ ਲੋਕਾਂ ਨੂੰ ਟੋਲ ਦੇਣਾ ਪੈਂਦਾ ਹੈ। ਜਾਣਕਾਰੀ ਦਿੰਦੇ ਹੋਏ ਰਾਹਗੀਰ ਮਨਦੀਪ ਸਿੰਘ ਰਾਏਕੋਟ ਨੇ ਦੱਸਿਆ ਕਿ ਮਾਨਯੋਗ ਸਰਕਾਰ ਵੱਲੋਂ ਪੰਜਾਬ ਵਿੱਚ ਕਿੰਨੇ ਟੋਲ ਬੰਦ ਕੀਤੇ ਗਏ ਹਨ, ਜਿਸ ਕਾਰਨ ਉਹ ਬਹੁਤ ਖੁਸ਼ ਹਨ।