ਪੰਜਾਬ ਸਰਕਾਰ ਨੇ ਸੂਬੇ ਦੇ ਸਕੂਲਾਂ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ
By admin / February 10, 2024 / No Comments / Punjabi News
ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ਦੇ ਸਕੂਲਾਂ ਨੂੰ ਲੈ ਕੇ ਇੱਕ ਹੋਰ ਵੱਡਾ ਫ਼ੈਸਲਾ ਲਿਆ ਹੈ, ਜਿਸ ਤਹਿਤ ਸਰਕਾਰੀ ਸਕੂਲਾਂ (government schools) ਵਿੱਚੋਂ ਮਿਡ-ਡੇ-ਮੀਲ ਵਿੱਚ ਵਰਤੇ ਜਾਣ ਵਾਲੇ ਐਲੂਮੀਨੀਅਮ ਦੇ ਭਾਂਡਿਆਂ (Aluminum Utensils) ਨੂੰ ਹਟਾ ਦਿੱਤਾ ਜਾਵੇਗਾ। ਇਸ ਦੀ ਥਾਂ ਸਟੀਲ ਜਾਂ ਪਿੱਤਲ ਦੇ ਭਾਂਡਿਆਂ ਦੀ ਵਰਤੋਂ ਕੀਤੀ ਜਾਵੇਗੀ।
ਮਿਡ-ਡੇ-ਮੀਲ ਸੁਸਾਇਟੀ ਵੱਲੋਂ ਪੰਜਾਬ ਯੂਨੀਵਰਸਿਟੀ ਵੱਲੋਂ ਇਸ ਸਕੀਮ ਦਾ ਸੋਸ਼ਲ ਆਡਿਟ ਕਰਵਾਇਆ ਗਿਆ ਹੈ, ਜਿਸ ਦੀ ਸਿਫ਼ਾਰਸ਼ ਤੋਂ ਬਾਅਦ ਉਪਰੋਕਤ ਸਮੇਤ ਕਈ ਨਵੇਂ ਕਦਮ ਚੁੱਕੇ ਜਾ ਰਹੇ ਹਨ। 23 ਫਰਵਰੀ ਨੂੰ ਨਵੀਂ ਦਿੱਲੀ ਵਿੱਚ ਪੰਜਾਬ ਦੇ ਸਿੱਖਿਆ ਵਿਭਾਗ ਅਤੇ ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਦਰਮਿਆਨ ਮੀਟਿੰਗ ਹੋਣੀ ਹੈ ਜਿਸ ਵਿੱਚ ਮਿਡ-ਡੇ-ਮੀਲ ਵਿੱਚ ਸੁਧਾਰਾਂ ਅਤੇ ਤਬਦੀਲੀਆਂ ਲਈ ਕੇਂਦਰੀ ਫੰਡਾਂ ਦੀ ਮੰਗ ਕੀਤੀ ਜਾਣੀ ਹੈ । ਸੋਸ਼ਲ ਆਡਿਟ ਰਿਪੋਰਟ ਵਿੱਚ ਪੰਜਾਬ ਸਰਕਾਰ ਨੂੰ ਸਿਫ਼ਾਰਸ਼ ਕੀਤੀ ਗਈ ਹੈ ਕਿ ਸਰਕਾਰੀ ਸਕੂਲਾਂ ਵਿੱਚ ਮਿਡ-ਡੇ-ਮੀਲ ਜੋ ਕਿ ਐਲੂਮੀਨੀਅਮ ਦੇ ਭਾਂਡਿਆਂ ਵਿੱਚ ਬਣਦਾ ਹੈ ਦੀ ਥਾਂ ਸਟੀਲ ਜਾਂ ਪਿੱਤਲ ਦੇ ਭਾਂਡਿਆਂ ਦੀ ਵਰਤੋਂ ਕੀਤੀ ਜਾਵੇ।
ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰੀ ਉਦਯੋਗ ਮੰਤਰਾਲੇ ਨੇ ਮਨੁੱਖੀ ਸਿਹਤ ਦੇ ਨਜ਼ਰੀਏ ਤੋਂ ਐਲੂਮੀਨੀਅਮ ਦੇ ਭਾਂਡਿਆਂ ਤੋਂ ਬਚਣ ਲਈ ਵੀ ਕਿਹਾ ਹੈ। ਮਿਡ-ਡੇ-ਮੀਲ ਤਹਿਤ ਐਲੂਮੀਨੀਅਮ ਦੇ ਭਾਂਡੇ ਖਰੀਦਣ ‘ਤੇ ਪ੍ਰਤੀ ਸਕੂਲ 5 ਹਜ਼ਾਰ ਰੁਪਏ ਖਰਚ ਕੀਤੇ ਜਾਂਦੇ ਸਨ, ਜਦੋਂ ਕਿ ਹੁਣ ਸਟੀਲ ਲਈ 10 ਹਜ਼ਾਰ ਰੁਪਏ ਪ੍ਰਤੀ ਸਕੂਲ ਦੀ ਗ੍ਰਾਂਟ ਦਿੱਤੀ ਜਾਵੇਗੀ। ਪੰਜਾਬ ਸਰਕਾਰ ਨੇ ਖਾਣਾ ਪਕਾਉਣ ਦੇ ਭਾਂਡਿਆਂ ਦੀ ਸ਼ਿਫਟ ਕਰਨ ਲਈ 175 ਕਰੋੜ ਰੁਪਏ ਦਾ ਪ੍ਰੋਜੈਕਟ ਤਿਆਰ ਕੀਤਾ ਹੈ ਅਤੇ ਇਹ ਪ੍ਰੋਜੈਕਟ ਕੁੱਲ 467 ਕਰੋੜ ਰੁਪਏ ਦੀ ਸਕੀਮ ਤੋਂ ਅਲੱਗ ਹੋਵੇਗਾ।