ਪੰਜਾਬ : ਪੰਜਾਬ ਪ੍ਰਸ਼ਾਸਨ ‘ਚ ਵੱਡਾ ਫੇਰਬਦਲ ਹੋਇਆ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Banwari Lal Purohit) ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਆਪਣਾ ਅਸਤੀਫ਼ਾ ਸੌਂਪਿਆ ਸੀ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ ਹੈ। ਇਸ ਤੋਂ ਬਾਅਦ ਰਾਸ਼ਟਰਪਤੀ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਰਾਜਪਾਲ ਦੇ ਅਹੁਦੇ ਦੀ ਜ਼ਿੰਮੇਵਾਰੀ ਗੁਲਾਬ ਚੰਦ ਕਟਾਰੀਆ ਨੂੰ ਸੌਂਪ ਦਿੱਤੀ ਹੈ। ਗੁਲਾਬ ਚੰਦ ਕਟਾਰੀਆ ਇਸ ਸਮੇਂ ਅਸਾਮ ਦੇ ਰਾਜਪਾਲ ਵਜੋਂ ਸੇਵਾ ਨਿਭਾਅ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਰਾਸ਼ਟਰਪਤੀ ਨੇ ਤੇਲੰਗਾਨਾ ਅਤੇ ਝਾਰਖੰਡ ਸਮੇਤ ਦੇਸ਼ ਦੇ 9 ਰਾਜਾਂ ਵਿੱਚ ਨਵੇਂ ਰਾਜਪਾਲਾਂ ਦੀ ਨਿਯੁਕਤੀ ਕੀਤੀ ਹੈ। ਰਾਸ਼ਟਰਪਤੀ ਭਵਨ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ਸੰਤੋਸ਼ ਕੁਮਾਰ ਗੰਗਵਾਰ ਨੂੰ ਝਾਰਖੰਡ ਦਾ ਨਵਾਂ ਰਾਜਪਾਲ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਝਾਰਖੰਡ ਦੇ ਸਾਬਕਾ ਰਾਜਪਾਲ ਸੀ.ਪੀ. ਰਾਧਾਕ੍ਰਿਸ਼ਨਨ ਹੁਣ ਮਹਾਰਾਸ਼ਟਰ ਦੇ ਨਵੇਂ ਰਾਜਪਾਲ ਹੋਣਗੇ।

ਇਸ ਤੋਂ ਬਾਅਦ ਲਕਸ਼ਮਣ ਪ੍ਰਸਾਦ ਅਚਾਰੀਆ ਨੂੰ ਅਸਾਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ, ਉਹ ਮਣੀਪੁਰ ਦੇ ਰਾਜਪਾਲ ਦਾ ਵਾਧੂ ਕਾਰਜਭਾਰ ਵੀ ਸੰਭਾਲਣਗੇ। ਇਸ ਦੇ ਨਾਲ ਹੀ ਸੀ.ਐੱਚ. ਵਿਜੇਸ਼ੰਕਰ ਨੂੰ ਮੇਘਾਲਿਆ ਦਾ ਰਾਜਪਾਲ, ਰਮਨ ਡੇਕਾ ਨੂੰ ਛੱਤੀਸਗੜ੍ਹ ਦਾ ਰਾਜਪਾਲ, ਹਰੀਭਾਊ ਕਿਸ਼ਨਰਾਓ ਬਾਗੜੇ ਨੂੰ ਰਾਜਸਥਾਨ ਦਾ ਰਾਜਪਾਲ, ਜਿਸ਼ਨੂ ਦੇਵ ਵਰਮਾ ਨੂੰ ਤੇਲੰਗਾਨਾ ਦਾ ਰਾਜਪਾਲ ਅਤੇ ਓਮ ਪ੍ਰਕਾਸ਼ ਮਾਥੁਰ ਨੂੰ ਸਿੱਕਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੀ. ਕੈਲਾਸ਼ਨਾਥਨ ਨੂੰ ਪੁਡੂਚੇਰੀ ਦਾ ਉਪ ਰਾਜਪਾਲ ਬਣਾਇਆ ਗਿਆ ਹੈ।

Leave a Reply