ਪੰਜਾਬ ਪੁਲਿਸ ਮੁਲਾਜ਼ਮ ‘ਤੇ ਇੱਕ ਵਿਅਕਤੀ ਵੱਲੋਂ ਅਚਾਨਕ ਕੀਤਾ ਗਿਆ ਹਮਲਾ
By admin / August 29, 2024 / No Comments / Punjabi News
ਤਰਨਤਾਰਨ : ਜ਼ਿਲ੍ਹਾ ਤਰਨਤਾਰਨ (Tarn Taran) ਅਧੀਨ ਪੈਂਦੇ ਵੈਰੋਵਾਲ ਥਾਣੇ ਵਿੱਚ ਤਾਇਨਾਤ ਪੰਜਾਬ ਪੁਲਿਸ ਮੁਲਾਜ਼ਮ ਸਿਮਰਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਦੀਨੇਵਾਲ ’ਤੇ ਇੱਕ ਵਿਅਕਤੀ ਵੱਲੋਂ ਅਚਾਨਕ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਜਿੱਥੇ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ, ਉੱਥੇ ਹੀ ਉਸ ਦੀ ਪੱਗ ਵੀ ਉਤਰ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਪੁਲਿਸ ਮੁਲਾਜ਼ਮ ਸਿਮਰਪ੍ਰੀਤ ਸਿੰਘ ਆਪਣੀ ਕਾਰ ਵਿੱਚ ਡਿਊਟੀ ’ਤੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਅੱਡਾ ਪਿੰਡ ਢੋਟਾ ਕੋਲ ਕੁਝ ਸਾਮਾਨ ਲੈਣ ਲਈ ਰੁਕਿਆ। ਜਿੱਥੇ ਓਮ ਪ੍ਰਕਾਸ਼ ਨਾਂ ਦਾ ਵਿਅਕਤੀ ਪਹਿਲਾਂ ਤੋਂ ਹੀ ਮੌਜੂਦ ਸੀ ਅਤੇ ਪੁਲਿਸ ਮੁਲਾਜ਼ਮ ਸਿਮਰਪ੍ਰੀਤ ਸਿੰਘ ਨੂੰ ਵਰਦੀ ਵਿੱਚ ਦੇਖ ਕੇ ਉਹ ਭੜਕ ਗਿਆ ਅਤੇ ਉਸ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤਾ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਕੁਝ ਹੀ ਦੇਰ ਵਿਚ ਓਮ ਪ੍ਰਕਾਸ਼ ਦੇ ਭਰਾ ਧਰਮਿੰਦਰ ਸਿੰਘ ਅਤੇ ਉਸ ਦੀ ਭੈਣ ਕਿਰਨਦੀਪ ਕੌਰ ਤੋਂ ਇਲਾਵਾ ਤਿੰਨ ਅਣਪਛਾਤੇ ਵਿਅਕਤੀ ਵੀ ਆ ਗਏ। ਉਨ੍ਹਾਂ ਵੱਲੋਂ ਸਿਮਰਪ੍ਰੀਤ ਸਿੰਘ ਦੀ ਪੱਗ ਲਾਹ ਦਿੱਤੀ ਗਈ, ਉਸ ਦੀ ਵਰਦੀ ਪਾੜ ਦਿੱਤੀ ਗਈ ਅਤੇ ਉਸ ਦੀ ਨੇਮ ਪਲੇਟ ਵੀ ਤੋੜ ਦਿੱਤੀ ਗਈ। ਇਸ ਦੌਰਾਨ ਕਾਂਸਟੇਬਲ ਸਿਮਰਪ੍ਰੀਤ ਸਿੰਘ ‘ਤੇ ਵੀ ਹਮਲਾਵਰਾਂ ਨੇ ਤੇਜ਼ਧਾਰ ਚੀਜ਼ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਮਾਮੂਲੀ ਜ਼ਖਮੀ ਹੋ ਗਿਆ। ਸਥਿਤੀ ਵਿਗੜਦੀ ਦੇਖ ਲੋਕ ਇਕੱਠੇ ਹੋ ਗਏ ਅਤੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸਿਟੀ ਕਮਲਮੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ‘ਚ ਥਾਣਾ ਵੈਰੋਵਾਲ ‘ਚ ਹੌਲਦਾਰ ਸਿਮਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਓਮ ਪ੍ਰਕਾਸ਼ ਅਤੇ ਧਰਮਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਅਤੇ ਭੈਣ ਕਿਰਨਦੀਪ ਕੌਰ ਵਾਸੀ ਪਿੰਡ ਢੋਟਾ ਅਤੇ 3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਹੈ।