ਮੁਕਤਸਰ: ਤੜਕੇ-ਤੜਕੇ ਪੰਜਾਬ ਪੁਲਿਸ ਦੀ ਸਖ਼ਤ ਕਾਰਵਾਈ ਦੇਖਣ ਨੂੰ ਮਿਲੀ। ਪੰਜਾਬ ਪੁਲਿਸ (Punjab Police) ਨੇ ਅੱਜ ਸਵੇਰੇ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਦੇ ਗਿੱਦੜਬਾਹਾ ਵਿੱਚ ਇੱਕ ਸਟਿੰਗ ਆਪ੍ਰੇਸ਼ਨ ਕੀਤਾ। ਇਸ ਆਪ੍ਰੇਸ਼ਨ ਤਹਿਤ DSP ਸਤਨਾਮ ਸਿੰਘ, DSP ਅਮਨਦੀਪ ਸਿੰਘ, DSP ਜਸਬੀਰ ਸਿੰਘ, DSPD ਜਸਪਾਲ ਸਿੰਘ ਅਤੇ ਥਾਣਾ ਮੁਖੀਆਂ ਸਮੇਤ 250 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੇ ਛਾਪੇਮਾਰੀ ਕੀਤੀ ।
ਇਸ ਦੌਰਾਨ ਪੁਲਿਸ ਨੇ ਮੁਲਜ਼ਮਾਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ। ਇਹ ਆਪ੍ਰੇਸ਼ਨ ਖਾਸ ਤੌਰ ‘ਤੇ ਨਸ਼ਾ ਤਸਕਰਾਂ ਨੂੰ ਰੋਕਣ ਲਈ ਕੀਤਾ ਗਿਆ ਸੀ। ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ, ਜਿੱਥੋਂ ਦੇਸੀ ਸ਼ਰਾਬ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ DSPD ਮਨਮੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਗਿੱਦੜਬਾਹਾ ਵਿਖੇ CSO ਆਪ੍ਰੇਸ਼ਨ ਚਲਾਇਆ ਗਿਆ ਹੈ ।ਛਾਪੇਮਾਰੀ ਦੌਰਾਨ 1080 ਨਸ਼ੀਲੀਆਂ ਗੋਲੀਆਂ ਅਤੇ 51 ਬੋਤਲਾਂ ਦੇਸੀ ਸ਼ਰਾਬ ਬਰਾਮਦ ਹੋਈਆਂ ਹਨ। ਇਸ ਦੌਰਾਨ ਪੁਲਿਸ ਵੱਲੋਂ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਵੱਖ-ਵੱਖ ਥਾਣਿਆਂ ਵਿੱਚ 7 ਐਫਆਈਆਰ ਦਰਜ ਕੀਤੀਆਂ ਗਈਆਂ ਹਨ।