ਗੜ੍ਹਸ਼ੰਕਰ: ਪੰਜਾਬ ਦੇ ਜ਼ਿਆਦਾਤਰ ਨੌਜਵਾਨ ਬਿਹਤਰ ਭਵਿੱਖ ਦੀ ਭਾਲ ‘ਚ ਵਿਦੇਸ਼ਾਂ ‘ਚ ਜਾ ਰਹੇ ਹਨ, ਜਦਕਿ ਕੁਝ ਨੌਜਵਾਨ ਹਾਦਸਿਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ‘ਚ ਚਲੇ ਜਾਂਦੇ ਹਨ। ਅਜਿਹੀ ਹੀ ਇੱਕ ਹੋਰ ਦੁਖਦਾਈ ਘਟਨਾ ਸਾਹਮਣੇ ਆਈ ਹੈ, ਗੜ੍ਹਸ਼ੰਕਰ ਦੇ ਪਿੰਡ ਰਾਮਪੁਰ ਬਿਲਡੋ ਦੇ ਵਸਨੀਕ ਅਤੇ ਇਸ ਸਮੇਂ ਨਿਊਜ਼ੀਲੈਂਡ ਵਿੱਚ ਬਤੌਰ ਵਿਦਿਆਰਥੀ ਵੀਜੇ ਰਹਿ ਰਹੇ ਨੌਜਵਾਨ ਦੀ ਸੰਖੇਪ ਬਿਮਾਰੀ ਮਗਰੋਂ ਮੌਤ ਹੋ ਗਈ, ਜਿਸ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।
ਇਸ ਸਬੰਧੀ ਮ੍ਰਿਤਕ ਮਨਦੀਪ ਸਿੰਘ ਦੇ ਪਿਤਾ ਰਜਿੰਦਰ ਸਿੰਘ ਨੇ ਭਰੇ ਮਨ ਨਾਲ ਪਿੰਡ ਵਾਸੀਆਂ ਨੂੰ ਦੱਸਿਆ ਕਿ ਉਸ ਦਾ ਲੜਕਾ 2013 ਵਿੱਚ ਵਿਦਿਆਰਥੀ ਵੀਜੇ ਵਜੋਂ ਨਿਊਜ਼ੀਲੈਂਡ ਗਿਆ ਸੀ, ਜਿੱਥੇ ਉਸ ਨੇ ਸਖ਼ਤ ਮਿਹਨਤ ਕਰਕੇ ਪੜ੍ਹਾਈ ਕੀਤੀ ਅਤੇ ਦਸ ਸਾਲਾਂ ਬਾਅਦ ਉਸ ਨੂੰ ਇੱਥੋਂ ਦੀ ਨਾਗਰਿਕਤਾ ਦੇ ਦਸਤਾਵੇਜ਼ ਮਿਲ ਗਏ। ਉਨ੍ਹਾਂ ਦੱਸਿਆ ਕਿ ਮਨਦੀਪ ਸਿੰਘ ਦੇ ਹਾਲ ਹੀ ‘ਚ ਨਿਊਜ਼ੀਲੈਂਡ ਸਥਿਤ ਆਪਣੇ ਘਰ ਤਿਲਕਣ ਕਾਰਨ ਸਿਰ ‘ਤੇ ਸੱਟ ਲੱਗ ਗਈ ਸੀ ਅਤੇ ਉਸ ਦੀ ਸਿਹਤ ਵਿਗੜਨ ਲੱਗੀ ਸੀ, ਜਿਸ ਕਾਰਨ ਉਸ ਨੂੰ ਨਿਊਜ਼ੀਲੈਂਡ ਦੇ Wellington ਦੇ ਖੇਤਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।
ਪਰਿਵਾਰਕ ਮੈਂਬਰਾਂ ਅਨੁਸਾਰ ਉੱਥੇ ਮੌਜੂਦ ਡਾਕਟਰਾਂ ਨੇ ਦੱਸਿਆ ਕਿ ਸੱਟ ਲੱਗਣ ਕਾਰਨ ਮਨਦੀਪ ਸਿੰਘ ਦੇ ਸਿਰ ਵਿੱਚ ਖੂਨ ਦਾ ਥੱਕਾ ਬਣ ਗਿਆ ਸੀ ਅਤੇ ਉਹ ਇਸ ਬਿਮਾਰੀ ਦਾ ਇਲਾਜ ਕਰਵਾ ਰਿਹਾ ਸੀ ਪਰ 4 ਅਪ੍ਰੈਲ ਨੂੰ ਮਨਦੀਪ ਸਿੰਘ ਦੀ ਮੌਤ ਹੋ ਗਈ ਸੀ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਲਾਜ ਦੌਰਾਨ ਮਨਦੀਪ ਸਿੰਘ ਦੀ ਅਚਾਨਕ ਹੋਈ ਮੌਤ ਨਾਲ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਹੈ ਅਤੇ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਨਦੀਪ ਸਿੰਘ ਦੀ ਲਾਸ਼ ਨੂੰ ਪਿੰਡ ਪਹੁੰਚਾਉਣ ਵਿੱਚ ਮਦਦ ਕੀਤੀ ਜਾਵੇ।