ਪੰਜਾਬ ਦੇ ਇੰਨ੍ਹਾਂ ਤਿੰਨ ਸਕੂਲਾਂ ਨੂੰ ਮਿਲਿਆ ‘ਬੈਸਟ ਸਕੂਲ ਐਵਾਰਡ’
By admin / March 2, 2024 / No Comments / Punjabi News
ਮਲੇਰਕੋਟਲਾ: ਪੰਜਾਬ ਸਰਕਾਰ (The Punjab Government) ਸੂਬੇ ਦੇ ਸਰਕਾਰੀ ਸਕੂਲਾਂ ਨੂੰ ਬਿਹਤਰੀਨ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ। ਪੰਜਾਬ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਕਰਕੇ ਦੇਸ਼ ਦਾ ਮੋਹਰੀ ਸੂਬਾ ਬਣ ਰਿਹਾ ਹੈ। ਸਕੂਲਾਂ ਦੀਆਂ ਇਮਾਰਤਾਂ ਖੂਬਸੂਰਤ ਬਣਾਉਣ ਦੇ ਨਾਲ-ਨਾਲ ਸਿੱਖਿਆ ਦੀ ਕੁਆਲਟੀ ਸੁਧਾਰਨ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ । ਸਕੂਲਾਂ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਨਾਲ ਨਾਲ ਵਧੀਆ ਕੰਮ ਕਰਨ ਵਾਲ਼ੇ ਸਕੂਲਾਂ ਨੂੰ ਉੱਤਮ ਪੁਰਸਕਾਰ ਦੇ ਕੇ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ ।
ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਜਸਵਿੰਦਰ ਕੌਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ ਪੱਲਵੀ ਦੀ ਯੋਗ ਅਗਵਾਈ ਸਦਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਸੋਈ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ 10 ਲੱਖ ਦੀ ਇਨਾਮੀ ਰਾਸ਼ੀ ਜਿੱਤੀ, ਦੂਸਰਾ ਸਥਾਨ ਸਰਕਾਰੀ ਹਾਈ ਸਕੂਲ ਨੰਗਲ ਨੇ ਪ੍ਰਾਪਤ ਕੀਤਾ ਅਤੇ ਤੀਸਰੇ ਸਥਾਨ ਤੇ ਸਰਕਾਰੀ ਮਿਡਲ ਸਕੂਲ ਕਿਲ੍ਹਾ ਰਹਿਮਤਗੜ੍ਹ ਰਿਹਾ ਹੈ । ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਜ਼ਿਲੇ ਦੇ ਇੱਕ-ਇੱਕ ਸੀਨੀਅਰ ਸੈਕੰਡਰੀ, ਹਾਈ ਅਤੇ ਮਿਡਲ ਸਕੂਲ ਦੀ ਚੋਣ ਕਰਕੇ ਹਰੇਕ ਸਕੂਲ ਨੂੰ ਕ੍ਰਮਵਾਰ 10 ਲੱਖ, 7.5 ਲੱਖ ਅਤੇ 5 ਲੱਖ ਰੁਪਏ ਬਤੌਰ ਇਨਾਮੀ ਰਾਸ਼ੀ ਦਿੱਤੀ ਗਈ ਹੈ । ਉਨ੍ਹਾਂ ਹੋਰ ਦੱਸਿਆ ਕਿ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਵਿੱਦਿਅਕ ਅਤੇ ਸਹਿ-ਵਿੱਦਿਅਕ ਪੈਰਾਮੀਟਰਾਂ ਦੇ ਆਧਾਰ ’ਤੇ ਹਰੇਕ ਜ਼ਿਲ੍ਹੇ ਵਿਚੋਂ ਸਰਵੋਤਮ ਸਕੂਲ ਦੀ ਚੋਣ ਕੀਤੀ ਗਈ ਸੀ ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਜਸਵਿੰਦਰ ਕੌਰ, ਪ੍ਰਿੰਸੀਪਲ ਸ੍ਰੀਮਤੀ ਪ੍ਰੀਤੀ ਸਿੰਗਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਸੋਈ, ਸ਼੍ਰੀਮਤੀ ਰਮਨਵੀਰ ਕੌਰ ਸਰਕਾਰੀ ਹਾਈ ਸਕੂਲ ਨੰਗਲ ਅਤੇ ਸ਼੍ਰੀਮਤੀ ਲਖਵਿੰਦਰ ਕੌਰ ਸਰਕਾਰੀ ਮਿਡਲ ਸਕੂਲ ਕਿਲ੍ਹਾ ਰਹਿਮਤਗੜ੍ਹ ਅਤੇ ਇਨ੍ਹਾਂ ਸਕੂਲਾਂ ਦੇ ਸਮੁੱਚੇ ਅਧਿਆਪਕਾਂ ਅਤੇ ਸਟਾਫ ਨੂੰ ‘ਬੈਸਟ ਸਕੂਲ ਐਵਾਰਡ’ ਪ੍ਰਾਪਤ ਕਰਨ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਪੇਸ਼ਾਵਰ ਰਵਈਆ ਰੱਖਦੇ ਹੋਏ ਸਮਰਪਨ ਦੀ ਭਾਵਨਾਂ ਨਾਲ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ।