ਚੰਡੀਗੜ੍ਹ: ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਮੈਦਾਨੀ ਇਲਾਕਿਆਂ ਵਿੱਚ ਭਾਵੇਂ ਕੜਾਕੇ ਦੀ ਠੰਢ ਤੋਂ ਰਾਹਤ ਮਿਲੀ ਹੈ ਪਰ ਫਿਰ ਵੀ ਘੱਟੋ-ਘੱਟ ਤਾਪਮਾਨ 4 ਡਿਗਰੀ ਤੋਂ ਘੱਟ ਦਰਜ ਕੀਤਾ ਜਾ ਰਿਹਾ ਹੈ, ਜੋ ਕਿ ਆਮ ਨਾਲੋਂ 4-5 ਡਿਗਰੀ ਘੱਟ ਮੰਨਿਆ ਜਾ ਰਿਹਾ ਹੈ। ਸ਼ਾਮ ਤੋਂ ਲੈ ਕੇ ਸਵੇਰ ਤੱਕ ਘੱਟੋ-ਘੱਟ ਤਾਪਮਾਨ ਪੂਰੀ ਤਰ੍ਹਾਂ ਨਾਲ ਠੰਢਕ ਦਾ ਅਹਿਸਾਸ ਕਰਵਾ ਰਿਹਾ ਹੈ। ਇਸ ਦੌਰਾਨ ਅੱਜ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਬੱਦਲਵਾਈ ਰਹਿਣ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ 3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ।
ਇਸ ਦੌਰਾਨ ਬਾਅਦ ਦੁਪਹਿਰ ਵਗਣ ਵਾਲੀਆਂ ਠੰਡੀਆਂ ਹਵਾਵਾਂ ਨੇ ਮੌਸਮ ‘ਚ ਬਦਲਾਅ ਲਿਆ ਦਿੱਤਾ। ਪੰਜਾਬ ਅਤੇ ਹਰਿਆਣਾ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਬਦਲੇ ਮੌਸਮ ਦੇ ਪੈਟਰਨ ਕਾਰਨ ਮੀਂਹ (Rain) ਪੈਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਨ੍ਹੀਂ ਦਿਨੀਂ ਹੋਈ ਬਰਸਾਤ ਕਾਰਨ ਸਰਦੀ ਦਾ ਰੰਗ ਇਕ ਵਾਰ ਫਿਰ ਦੇਖਣ ਨੂੰ ਮਿਲੇਗਾ।
ਅਗਲੇ 2 ਦਿਨ ਬੱਦਲ ਛਾਏ ਰਹਿਣਗੇ ਅਤੇ ਵੱਧ ਤੋਂ ਵੱਧ ਤਾਪਮਾਨ ਡਿੱਗ ਜਾਵੇਗਾ। ਇਸ ਦੇ ਨਾਲ ਹੀ ਦਿੱਲੀ ‘ਚ ਘੱਟੋ-ਘੱਟ ਤਾਪਮਾਨ 7.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਔਸਤ ਤਾਪਮਾਨ ਤੋਂ 3 ਡਿਗਰੀ ਘੱਟ ਹੈ। ਜੇਕਰ ਕਸ਼ਮੀਰ ਘਾਟੀ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਧੁੱਪ ਕਾਰਨ ਦੁਪਹਿਰ ਵੇਲੇ ਮੌਸਮ ਗਰਮ ਰਹਿੰਦਾ ਹੈ ਜਦੋਂਕਿ ਸਵੇਰ ਅਤੇ ਸ਼ਾਮ ਨੂੰ ਠੰਢ ਜਾਰੀ ਰਹਿੰਦੀ ਹੈ।
ਪਹਿਲਗਾਮ -7 ਡਿਗਰੀ ‘ਤੇ ਸਭ ਤੋਂ ਠੰਢਾ ਰਿਹਾ ਜਦਕਿ ਗੁਲਮਰਗ -4.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਉਣ ਵਾਲੇ ਦਿਨਾਂ ਵਿੱਚ ਕਸ਼ਮੀਰ ਵਿੱਚ ਮੀਂਹ ਜਾਂ ਬਰਫ਼ਬਾਰੀ ਦੀ ਸੰਭਾਵਨਾ ਹੈ। ਅੰਮ੍ਰਿਤਸਰ ਸਭ ਤੋਂ ਠੰਡਾ, ਪਟਿਆਲਾ ਸਭ ਤੋਂ ਗਰਮ: ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ ਸਭ ਤੋਂ ਘੱਟ ਰਹਿਣ ਕਾਰਨ ਸਭ ਤੋਂ ਠੰਡਾ ਜ਼ਿਲ੍ਹਾ ਰਿਹਾ, ਜਦਕਿ ਵੱਧ ਤੋਂ ਵੱਧ ਤਾਪਮਾਨ ਸਭ ਤੋਂ ਜ਼ਿਆਦਾ ਹੋਣ ਕਾਰਨ ਪਟਿਆਲਾ ਸਭ ਤੋਂ ਗਰਮ ਰਿਹਾ। ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 3.6 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ 21.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।