ਪੰਜਾਬ ‘ਚ ਅਗਲੇ 24 ਘੰਟਿਆਂ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ
By Eddiesof / January 21, 2024 / No Comments / Punjabi News
ਚੰਡੀਗੜ੍ਹ: ਪੰਜਾਬ ‘ਚ ਕੜਾਕੇ ਦੀ ਠੰਡ ਅਤੇ ਸੀਤ ਲਹਿਰ ਜਾਰੀ ਹੈ। ਮੌਸਮ ਵਿਭਾਗ (Meteorological Department) ਨੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿੱਚ 22.1.24 (ਦੁਪਹਿਰ 2.00 ਵਜੇ) ਤੱਕ ਪੰਜਾਬ ਵਿੱਚ ਬਹੁਤੀਆਂ ਥਾਵਾਂ ‘ਤੇ ਸੰਘਣੀ ਧੁੰਦ ਦੇ ਨਾਲ ਸੀਤ ਲਹਿਰ ਦੀ ਚੇਤਾਵਨੀ ਦਿੱਤੀ ਹੈ, ਜਿਸ ਦੇ ਚੱਲਦਿਆਂ ਪੰਜਾਬ ਐਸ.ਡੀ.ਐਮ.ਏ. ਨੇ ਲੋਕਾਂ ਨੂੰ ਠੰਢ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ ਕਰ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਹੈ।
ਪੰਜਾਬ ਐਸ.ਡੀ.ਐਮ.ਏ. ਨੇ ਕਿਹਾ ਕਿ ਕੜਾਕੇ ਦੀ ਠੰਢ ਵਿੱਚ ਬੱਚਿਆਂ ਅਤੇ ਬਜ਼ੁਰਗਾਂ ਨੂੰ ਵਧੇਰੇ ਸੁਚੇਤ ਰਹਿਣ ਦੀ ਲੋੜ ਹੈ। ਜਿੰਨਾ ਸੰਭਵ ਹੋ ਸਕੇ ਘਰ ਦੇ ਅੰਦਰ ਰਹੋ, ਧੁੰਦ ਦੌਰਾਨ ਯਾਤਰਾ ਨੂੰ ਘੱਟ ਤੋਂ ਘੱਟ ਕਰੋ ਅਤੇ ਸਰਦੀਆਂ ਦੇ ਢੁਕਵੇਂ ਕੱਪੜੇ ਪਾਓ। ਜੇਕਰ ਤੁਹਾਨੂੰ ਬੁਖਾਰ, ਸਿਰ ਦਰਦ ਅਤੇ ਜ਼ੁਕਾਮ ਦੇ ਨਾਲ ਸਾਹ ਲੈਣ ਵਿੱਚ ਤਕਲੀਫ ਮਹਿਸੂਸ ਹੋਵੇ ਤਾਂ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕਰੋ। ਫਾਇਰਪਲੇਸ ਅਤੇ ਹੀਟਰ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹੋ, ਕਿਉਂਕਿ ਇਹ ਆਮ ਤੌਰ ‘ਤੇ ਆਕਸੀਜਨ ਦੀ ਕਮੀ ਦਾ ਕਾਰਨ ਬਣਦੇ ਹਨ।