ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋ ਘਰਾਂ ‘ਚ ਗੋਲੀਆਂ ਚਲਾਉਣ ਦਾ ਮਾਮਲਾ ਆਇਆ ਸਾਹਮਣੇ
By admin / July 13, 2024 / No Comments / Punjabi News
ਤਰਨਤਾਰਨ : ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਜਾਨੋਂ ਮਾਰਨ ਦੀ ਨੀਅਤ ਨਾਲ ਦੋ ਘਰਾਂ ‘ਚ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਖਾਲੜਾ ਦੀ ਪੁਲਿਸ ਨੇ 22 ਵਿਅਕਤੀਆਂ ਖ਼ਿਲਾਫ਼ ਦੋ ਵੱਖ-ਵੱਖ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਦੋ ਘਰਾਂ ‘ਤੇ ਹੋਏ ਹਮਲੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਆਸ-ਪਾਸ ਦੇ ਲੋਕਾਂ ‘ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਮਹਿਲ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਮਾੜੀ ਮੇਘਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਕੱਲ੍ਹ ਸ਼ਾਮ ਕਰੀਬ 4 ਵਜੇ ਜਦੋਂ ਉਹ ਅਤੇ ਮਨਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਅਤੇ ਜਸਵੰਤ ਸਿੰਘ ਪੁੱਤਰ ਤੀਰਥ ਸਿੰਘ ਵਾਸੀ ਮਾੜੀ ਮੇਘਾ ਆਪਣੀ ਕਾਰ ਵਿੱਚ ਭਿੱਖੀਵਿੰਡ ਤੋਂ ਆਪਣੇ ਘਰ ਪਰਤ ਰਹੇ ਸਨ ਕਿ ਉਸ ਦੇ ਘਰ ਦੇ ਅੱਗੇ ਕਈ ਵਾਹਨ ਅਤੇ ਲੋਕ ਖੜ੍ਹੇ ਸਨ। ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਉਸ ਨੇ ਬਾਹਰ ਆ ਕੇ ਦੇਖਿਆ ਕਿ ਜਗਰੂਪ ਸਿੰਘ ਉਰਫ਼ ਜੂਪਾ ਪੁੱਤਰ ਸੁਖਵਿੰਦਰ ਸਿੰਘ ਤੋਂ ਇਲਾਵਾ 15 ਹੋਰ ਅਣਪਛਾਤੇ ਵਿਅਕਤੀ ਘਰ ‘ਚ ਮੌਜੂਦ ਪਰਿਵਾਰਕ ਮੈਂਬਰਾਂ ਨੂੰ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾ ਰਹੇ ਸਨ।
ਇਹ ਸਥਿਤੀ ਦੇਖ ਕੇ ਜਦੋਂ ਉਸ ਨੇ ਰੌਲਾ ਪਾਇਆ ਤਾਂ ਹੋਰ ਲੋਕ ਇਕੱਠੇ ਹੋ ਗਏ। ਉਸ ਨੂੰ ਦੇਖ ਕੇ ਸਾਰੇ ਦੋਸ਼ੀ ਆਪਣੇ ਵਾਹਨਾਂ ‘ਚ ਮੌਕੇ ਤੋਂ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਇਸ ਗੋਲੀਬਾਰੀ ਦੌਰਾਨ ਉਸ ਦੇ ਘਰ ਦਾ ਕਾਫੀ ਨੁਕਸਾਨ ਹੋਇਆ ਅਤੇ ਕੰਧਾਂ ਗੋਲੀਆਂ ਨਾਲ ਭੁੰਨ ਗਈਆਂ ਅਤੇ ਸ਼ੀਸ਼ੇ ਟੁੱਟ ਗਏ। ਮਹਿਲ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਬੜੀ ਮੁਸ਼ਕਲ ਨਾਲ ਲੁੱਕ ਕੇ ਹਮਲਾਵਰਾਂ ਤੋਂ ਆਪਣੀ ਜਾਨ ਬਚਾਈ ਸੀ। ਉਸ ਨੇ ਦੱਸਿਆ ਕਿ ਇਸ ਹਮਲੇ ਦਾ ਕਾਰਨ ਰੰਜਿਸ਼ ਸੀ ਕਿ ਜਗਰੂਪ ਸਿੰਘ ਉਰਫ਼ ਜੂਪਾ ਦਾ ਆਪਣੇ ਲੜਕੇ ਰੌਬਿਨ ਪ੍ਰੀਤ ਸਿੰਘ ਨਾਲ ਕੁਝ ਪੈਸਿਆਂ ਦਾ ਲੈਣ-ਦੇਣ ਸੀ, ਜਿਸ ਕਾਰਨ ਇਹ ਹਮਲਾ ਕੀਤਾ ਗਿਆ।
ਦੂਜੇ ਮਾਮਲੇ ‘ਚ ਸੁਖਵਿੰਦਰ ਸਿੰਘ ਪੁੱਤਰ ਤੀਰਥ ਸਿੰਘ ਵਾਸੀ ਮਾੜੀ ਮੇਘਾ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ‘ਚ ਦੱਸਿਆ ਕਿ 10 ਜੁਲਾਈ ਦੀ ਰਾਤ ਨੂੰ ਜਦੋਂ ਸਾਰੇ ਪਰਿਵਾਰਕ ਮੈਂਬਰ ਘਰ ‘ਚ ਮੌਜੂਦ ਸਨ ਤਾਂ ਕਰੀਬ 10 ਵਜੇ ਰਾਤ 11.30 ਵਜੇ ਰੌਬਿਨ ਪ੍ਰੀਤ ਸਿੰਘ ਪੁੱਤਰ ਸਿਮਰਨਜੀਤ ਸਿੰਘ ਵਾਸੀ ਮਾੜੀ ਮੇਘਾ ਤੋਂ ਇਲਾਵਾ ਤਿੰਨ ਅਣਪਛਾਤੇ ਵਿਅਕਤੀਆਂ ਜਿਨ੍ਹਾਂ ਕੋਲ ਪਿਸਤੌਲ ਅਤੇ 315 ਬੋਰ ਦੀ ਰਾਈਫਲ ਸੀ, ਨੇ ਉਸ ਨੂੰ ਮਾਰਨ ਦੀ ਨੀਅਤ ਨਾਲ ਘਰ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਗੋਲੀਬਾਰੀ ਦੌਰਾਨ ਘਰ ਦਾ ਕਾਫੀ ਨੁਕਸਾਨ ਹੋਇਆ ਹੈ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਹਮਲੇ ਦਾ ਕਾਰਨ ਰੰਜਿਸ਼ ਸੀ ਕਿਉਂਕਿ ਉਸ ਦੇ ਲੜਕੇ ਜਗਰੂਪ ਸਿੰਘ ਨੇ ਰੌਬਿਨ ਪ੍ਰੀਤ ਸਿੰਘ ਤੋਂ 4 ਲੱਖ ਰੁਪਏ ਲੈਣੇ ਸਨ ਅਤੇ ਜਦੋਂ ਉਸ ਨੇ ਪੈਸੇ ਮੰਗੇ ਤਾਂ ਹਮਲਾਵਰਾਂ ਨੇ ਘਰ ‘ਤੇ ਹਮਲਾ ਕਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਵਿੱਚ ਆਪਸੀ ਪੈਸਿਆਂ ਦਾ ਲੈਣ-ਦੇਣ ਸੀ, ਜਿਸ ਕਾਰਨ ਇੱਕ ਦੂਜੇ ਦੇ ਘਰਾਂ ’ਤੇ ਗੋਲੀਆਂ ਨਾਲ ਹਮਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਕੁੱਲ 22 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।