ਪੇਂਟ ਫੈਕਟਰੀ ‘ਚ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ ਮੁਆਵਜ਼ਾ
By admin / February 16, 2024 / No Comments / Punjabi News
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਅਲੀਪੁਰ ਦੀ ਪੇਂਟ ਫੈਕਟਰੀ ‘ਚ ਅੱਗ ਲੱਗਣ ਦੀ ਘਟਨਾ ‘ਚ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਅੱਜ ਐਲਾਨ ਕੀਤਾ ਹੈ। ਇਸ ਹਾਦਸੇ ‘ਚ 11 ਲੋਕਾਂ ਦੀ ਮੌਤ ਹੋ ਗਈ ਸੀ ਅਤੇ 4 ਜਖ਼ਮੀ ਹੋ ਗਏ ਸਨ।
ਮੁੱਖ ਮੰਤਰੀ ਨੇ ਬੀਤੀ ਸ਼ਾਮ ਨੂੰ ਲੱਗੀ ਅੱਗ ਤੋਂ ਬਾਅਦ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਹਾਦਸੇ ਵਾਲੀ ਜਗ੍ਹਾ ਦਾ ਦੌਰਾ ਵੀ ਕੀਤਾ ਹੈ। ਉਨ੍ਹਾਂ ਕਿਹਾ,”ਮ੍ਰਿਤਕਾਂ ਦੇ ਪਰਿਵਾਰਾਂ ਦੇ ਪ੍ਰਤੀ ਸਾਡੀ ਪੂਰੀ ਹਮਦਰਦੀ ਹੈ। ਅਸੀਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦੇਵਾਂਗੇ। 2 ਲੋਕ ਮਾਮੂਲੀ ਜਖ਼ਮੀ ਹੋਏ ਹਨ ਉਨ੍ਹਾਂ ਨੂੰ 20-20 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜੋ ਲੋਕ ਗੰਭੀਰ ਰੂਪ ‘ਚ ਜਖ਼ਮੀ ਹੋਏ ਹਨ, ਉਨ੍ਹਾਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਅੱਗ ਕਾਰਨ ਨੇੜੇ-ਤੇੜੇ ਦੀਆਂ ਜਿਹੜੀਆਂ ਦੁਕਾਨਾਂ ਅਤੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ, ਉਨ੍ਹਾਂ ਨੂੰ ਵੀ ਸਰਕਾਰ ਦੀ ਨੀਤੀ ਅਨੁਸਾਰ ਮੁਆਵਜ਼ਾ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਦੋਸ਼ ਲੱਗ ਰਹੇ ਹਨ ਕਿ ਫਾਇਰ ਬ੍ਰਿਗੇਡ ਗੱਡੀਆਂ ਨੂੰ ਹਾਦਸੇ ਵਾਲੀ ਜਗ੍ਹਾ ‘ਚ ਪਹੁੰਚਣ ‘ਚ ਦੇਰੀ ਹੋਈ ਸੀ। ਉਨ੍ਹਾਂ ਕਿਹਾ,”ਮੈਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਪਹੁੰਚਣ ‘ਚ ਦੇਰੀ ਅਤੇ ਇਸ ਖੇਤਰ ‘ਚ ਫੈਕਟਰੀ ਕਿਵੇਂ ਚੱਲ ਰਹੀ ਸੀ, ਇਸ ਦੀ ਜਾਂਚ ਦੇ ਨਿਰਦੇਸ਼ ਦੇਵਾਂਗਾ।
ਬੀਤੀ ਸ਼ਾਮ ਬਾਹਰੀ ਦਿੱਲੀ ਦੇ ਅਲੀਪੁਰ ਇਲਾਕੇ ‘ਚ ਇਕ ਪੇਂਟ ਫੈਕਟਰੀ ‘ਚ ਧਮਾਕਾ ਅਤੇ ਉਸ ਤੋਂ ਬਾਅਦ ਅੱਗ ਲੱਗਣ ਨਾਲ 11 ਲੋਕਾਂ ਦੀ ਮੌਤ ਹੋ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬੀਤੀ ਸ਼ਾਮ ਦੀ ਲੱਗੀ ਅੱਗ ‘ਚ ਚਾਰ ਲੋਕ ਗੰਭੀਰ ਰੂਪ ‘ਚ ਜ਼ਖ਼ਮੀ ਹੋਏ ਸਨ , ਜਿਨ੍ਹਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।