ਪਾਣੀਪਤ : ਮੁੰਬਈ ਪੁਲਿਸ ਨੂੰ ਬੀਤੀ ਦੇਰ ਰਾਤ ਇੱਕ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਪਾਣੀਪਤ ਦੇ ਸੈਕਟਰ-29 ਥਾਣਾ ਖੇਤਰ ਤੋਂ ਲਾਰੈਂਸ਼ ਬਿਸ਼ਨੋਈ ਗੈਂਗ ਨਾਲ ਜੁੜੇ ਇੱਕ ਸ਼ੂਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪਾਣੀਪਤ ਤੋਂ ਫੜੇ ਗਏ ਸ਼ੂਟਰ ਦਾ ਨਾਂ ਸੁੱਖਾ ਹੈ, ਜੋ ਪਾਣੀਪਤ ਦੇ ਪਿੰਡ ਰੇਲ ਕਲਾਂ ਦਾ ਰਹਿਣ ਵਾਲਾ ਹੈ। ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ਗੋਲੀਬਾਰੀ ਕਰਨ ਵਾਲੇ ਸ਼ੂਟਰ ਸੁੱਖਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਮੁੰਬਈ ਪੁਲਿਸ ਨੇ ਪਾਨੀਪਤ ਦੇ ਸੈਕਟਰ 29 ਪੁਲਿਸ ਸਟੇਸ਼ਨ ਦੀ ਮਦਦ ਨਾਲ ਬੀਤੀ ਦੇਰ ਰਾਤ ਸੁੱਖਾ ਨੂੰ ਗ੍ਰਿਫਤਾਰ ਕੀਤਾ। ਇਹ ਗ੍ਰਿਫ਼ਤਾਰੀ ਨਵੀਂ ਮੁੰਬਈ ਪੁਲਿਸ ਲਈ ਵੱਡੀ ਕਾਮਯਾਬੀ ਹੈ। ਜਾਣਕਾਰੀ ਮੁਤਾਬਕ ਸੁੱਖਾ ਖ਼ਿਲਾਫ਼ ਨਵੀਂ ਮੁੰਬਈ ਪੁਲਿਸ ‘ਚ ਐੱਫ.ਆਈ.ਆਰ. ਦਰਜ ਹੈ। ਉਹ ਉਨ੍ਹਾਂ ਮੁਲਜ਼ਮਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਨਵੀਂ ਮੁੰਬਈ ਵਿੱਚ ਸਲਮਾਨ ਖਾਨ ਦੇ ਪਨਵੇਲ ਫਾਰਮ ਹਾਊਸ ਦੀ ਰੇਕੀ ਕੀਤੀ ਸੀ।
ਇਸ ਫਾਰਮ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ਰਚੀ ਗਈ ਸੀ, ਜਿਸ ‘ਚ ਸੁੱਖਾ ਮੁੱਖ ਦੋਸ਼ੀ ਸੀ। ਗ੍ਰਿਫਤਾਰੀ ਤੋਂ ਬਾਅਦ ਸੁੱਖਾ ਨੂੰ ਨਵੀਂ ਮੁੰਬਈ ਲਿਆਂਦਾ ਜਾ ਰਿਹਾ ਹੈ, ਜਿੱਥੇ ਉਸ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਵੀ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਘਰ ‘ਤੇ ਗੋਲੀਬਾਰੀ ਕਰਨ ਵਾਲੇ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੱਸ ਦੇਈਏ ਕਿ 14 ਅਪ੍ਰੈਲ ਨੂੰ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ‘ਚ ਗੋਲੀਬਾਰੀ ਕੀਤੀ ਗਈ ਸੀ।
ਨਾਬਾਲਗ ਦੇ ਜ਼ਰੀਏ ਸਲਮਾਨ ‘ਤੇ ਹਮਲਾ ਕਰਨ ਦੀ ਯੋਜਨਾ ਬਣਾਈ ਜਾ ਰਹੀ ਸੀ। ਇਸ ਹਮਲੇ ਤੋਂ ਬਾਅਦ ਉਨ੍ਹਾਂ ਦਾ ਇਰਾਦਾ ਕੰਨਿਆਕੁਮਾਰੀ ਤੋਂ ਕਿਸ਼ਤੀ ਰਾਹੀਂ ਸ੍ਰੀਲੰਕਾ ਭੱਜਣ ਦਾ ਸੀ। ਲਾਰੈਂਸ ਗੈਂਗ ਤੁਰਕੀ ਦੀ ਬਣੀ ਜ਼ਿਗਾਨਾ ਪਿਸਤੌਲ ਨਾਲ ਸਲਮਾਨ ਖਾਨ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਸੀ। ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਵੀ ਇਸੇ ਪਿਸਤੌਲ ਨਾਲ ਕਤਲ ਕੀਤਾ ਗਿਆ ਸੀ। ਲਾਰੈਂਸ ਗਰੁੱਪ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਜਾਣਕਾਰੀ ਮੁਤਾਬਕ 14 ਅਪ੍ਰੈਲ ਨੂੰ ਦੋ ਬਾਈਕ ਸਵਾਰ ਹਮਲਾਵਰਾਂ ਨੇ ਸਲਮਾਨ ਦੇ ਬਾਂਦਰਾ ਸਥਿਤ ਘਰ ‘ਤੇ 7.6 ਬੋਰ ਦੀ ਬੰਦੂਕ ਨਾਲ ਚਾਰ ਰਾਉਂਡ ਫਾਇਰ ਕੀਤੇ ਸਨ।