ਟਾਂਡਾ ਉੜਮੁੜ : ਟਾਂਡਾ ਪੁਲਿਸ ਨੇ ਅਹਿਆਪੁਰ ਅਤੇ ਉੜਮੁੜ ‘ਚ ਨਾਜਾਇਜ਼ ਸ਼ਰਾਬ (Illegal Liquor) ਸਮੇਤ 2 ਔਰਤਾਂ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਐਸ.ਆਈ. ਰਮਨ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸੁਰਿੰਦਰ ਲਾਂਬਾ ਅਤੇ ਡੀ.ਐਸ.ਪੀ. ਹਰਜੀਤ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਏ.ਐੱਸ.ਆਈ. ਦਰਸ਼ਨ ਸਿੰਘ ਦੀ ਟੀਮ ਨੇ ਇਹ ਸਫ਼ਲਤਾ ਹਾਸਲ ਕੀਤੀ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਮੁਖਬਰ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਸਰੋਜ ਪਤਨੀ ਸਤਨਾਮ ਵਾਸੀ ਵਾਰਡ 14 ਅਹਿਆਪੁਰ ਨਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦੀ ਹੈ ਅਤੇ ਹੁਣ ਵੀ ਕਰ ਰਹੀ ਹੈ । ਸੂਚਨਾ ਦੇ ਆਧਾਰ ‘ਤੇ ਉਕਤ ਔਰਤ ਨੂੰ ਇਕ ਕੈਨ ‘ਚ 26250 ਮਿਲੀਲੀਟਰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ ।
ਇਸੇ ਤਰ੍ਹਾਂ ਏ.ਐਸ.ਆਈ ਲਖਵਿੰਦਰ ਸਿੰਘ ਦੀ ਟੀਮ ਨੇ ਔਰਤ ਸੁਰਜੀਤ ਕੌਰ ਪਤਨੀ ਸਵਰਗੀ ਪ੍ਰੇਮ ਚੰਦ ਵਾਸੀ ਮੁਹੱਲਾ ਸਿੰਘਪੁਰਾ ਉੜਮੁੜ ਨੂੰ 30 ਹਜ਼ਾਰ ਮਿਲੀਲੀਟਰ ਨਜਾਇਜ਼ ਸ਼ਰਾਬ ਸਮੇਤ ਕਾਬੂ ਕਰਕੇ ਦੋਵਾਂ ਖ਼ਿਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਨ੍ਹਾਂ ਮੁਲਜ਼ਮ ਔਰਤਾਂ ਦੀ ਸ਼ਰਾਬ ਸਪਲਾਈ ਬਾਰੇ ਜਾਂਚ ਕੀਤੀ ਜਾ ਰਹੀ ਹੈ।