ਮੁਕੇਰੀਆਂ: ਸੀਆਈਏ ਸਟਾਫ ਦੀ ਟੀਮ ਉਤੇ ਮੁਕੇਰੀਆਂ ਦੇ ਪਿੰਡ ਮਨਸੂਰਪੁਰ ਵਿਚ ਕੁਝ ਦਿਨ ਪਹਿਲਾਂ ਪੁਲਿਸ ਮੁਲਾਜ਼ਮ ’ਤੇ ਗੋਲੀ ਚਲਾਉਣ ਵਾਲੇ ਸੁਖਵਿੰਦਰ ਸਿੰਘ ਰਾਣਾ ਉਰਫ ਗੈਂਗਸਟਰ ਰਾਣਾ ਮਨਸੂਰਪੁਰੀਆ (Sukhwinder Singh Rana alias gangster Rana Mansoorpuria) ਨੂੰ ਪੁਲਿਸ ਨੇ ਮੁਕੇਰੀਆਂ ਪਠਾਨਕੋਟ ਕੌਮੀ ਮਾਰਗ (Mukerian Pathankot National Highway) ਉਤੇ ਪੈਂਦੇ ਪਿੰਡ ਪੁਰਾਣਾ ਭੰਗਾਲਾ ਨੇੜੇ ਇਕ ਮੁਕਾਬਲੇ ਵਿਚ ਢੇਰ ਕਰ ਦਿੱਤਾ ਹੈ।
ਪੁਲਿਸ ਵੱਲੋਂ ਮੁਲਜ਼ਮ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। SSP ਹੁਸ਼ਿਆਰਪੁਰ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਪੁਲਿਸ ਘਟਨਾ ਸਮੇਂ ਤੋਂ ਹੀ ਦੋਸ਼ੀ ਦੀ ਭਾਲ ਕਰ ਰਹੀ ਸੀ ਪੁਲਿਸ ਨੇ ਜਲੰਧਰ, ਹੁਸ਼ਿਆਰਪੁਰ, ਪਠਾਨਕੋਟ ਨੂੰ ਜਾਣ ਵਾਲੀਆਂ ਸਾਰੀਆਂ ਜਰਨੈਲੀ, ਸੰਪਰਕ ਸੜਕਾਂ ਉਤੇ ਰਾਤ ਤੋਂ ਹੀ ਨਾਕਾਬੰਦੀ ਕੀਤੀ ਹੋਈ ਸੀ ਅਤੇ ਕਰੀਬ 4 ਡੀਐਸਪੀ ਅਤੇ 6 ਥਾਣਾ ਮੁਖੀਆਂ ਦੀ ਅਗਵਾਈ ਵਾਲੀਆਂ ਦਰਜਨ ਭਰ ਪੁਲਿਸ ਟੀਮਾਂ ਵਲੋਂ ਲਗਾਤਾਰ ਗ਼ਸ਼ਤ ਕੀਤੀ ਜਾ ਰਹੀ ਸੀ।
ਪੁਲਿਸ ਨੂੰ ਅੱਜ ਸਵੇਰੇ ਕਰੀਬ 9.30 ਸੂਚਨਾ ਮਿਲੀ ਸੀ ਕਿ ਉਕਤ ਗੈਂਗਸਟਰ ਨੇ ਭੰਗਾਲਾ ਨੇੜਲੇ ਇਕ ਪੈਟਰੋਲ ਪੰਪ ਤੋਂ ਮੋਟਰਸਾਈਕਲ ਵਿੱਚ ਤੇਲ ਪੁਆਇਆ ਹੈ। ਤਕਰੀਬਨ 5 ਵਜੇ ਸੂਚਨਾ ਮਿਲੀ ਸੀ ਕਿ ਗੈਂਗਸਟਰ ਰਾਣਾ ਨੇ ਭੰਗਾਲਾ ਨੇੜਲੇ ਅਮਨ ਪੈਲੇਸ ਦੇ ਬਾਹਰਵਾਰ ਇਕ ਸੁੰਨਸਾਨ ਥਾਂ ’ਤੇ ਸ਼ਰਨ ਲਈ ਹੋਈ ਹੈ। ਗੈਂਗਸਟਰ ਰਾਣਾ ਨੇ ਪੁਲਿਸ ਨੂੰ ਦੇਖਦਿਆਂ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਦੀ ਜਵਾਬੀ ਫਾਇਰਿੰਗਿ ’ਚ ਰਾਣਾ ਢੇਰ ਹੋ ਗਿਆ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਪਿੰਡ ਮਨਸੂਰਪੁਰ ਵਿਖੇ ਰਾਣਾ ਮਨਸੂਰਪੁਰੀਆ ਨੂੰ ਫੜਨ ਗਈ ਸੀਆਈਏ ਸਟਾਫ ਦੀ ਟੀਮ ਉਤੇ ਗੈਂਗਸਟਰ ਨੇ ਹਮਲਾ ਕਰਕੇ ਇਕ ਮੁਲਾਜ਼ਮ ਅੰਮਿ੍ਤਪਾਲ ਸਿੰਘ ਨੂੰ ਜ਼ਖਮੀ ਕਰ ਦਿੱਤਾ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।