ਮੱਲੀਆਂ ਕਲਾਂ : ਪੁਲਿਸ ਚੌਕੀ ਅਧੀਨ ਪੈਂਦੇ ਪਿੰਡ ਉੱਗੀ ਵਿੱਚ ਪੁਰਾਣੀ ਰੰਜਿਸ਼ ਨੂੰ ਲੈ ਕੇ ਨੌਜਵਾਨਾਂ ਵਿੱਚ ਹੋਈ ਲੜਾਈ ਵਿੱਚ ਗੋਲੀ ਲੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਡੀ.ਐਸ.ਪੀ. ਨਕੋਦਰ ਕੁਲਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਬੀਤੀ ਰਾਹਾ ਪਿੰਡ ਉੱਗੀ ਵਿੱਚ ਪੁਰਾਣੀ ਰੰਜਿਸ਼ ਕਾਰਨ ਨੌਜਵਾਨਾਂ ਵਿੱਚ ਝਗੜਾ ਹੋ ਗਿਆ ਸੀ। ਇਸ ਵਿੱਚ ਕੁਲਵਿੰਦਰ ਸਿੰਘ ਉਰਫ਼ ਕਿੰਦੀ ਪੁੱਤਰ ਚਰਨ ਦਾਸ ਵਾਸੀ ਪਿੰਡ ਕਾਲਾ ਸੰਘਿਆਂ ਥਾਣਾ ਸਦਰ ਕਪੂਰਥਲਾ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ।
ਪੁਲਿਸ ਵੱਲੋਂ ਕਤਲ ਸਬੰਧੀ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਡੀ.ਐਸ.ਪੀ. ਵਿਰਕ ਨੇ ਦੱਸਿਆ ਕਿ ਮ੍ਰਿਤਕ ਕੁਲਵਿੰਦਰ ਸਿੰਘ ਕਿੰਦੀ ਦੀ ਲਾਸ਼ ਨੂੰ ਪੁਲੀਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਮ੍ਰਿਤਕ ਦੇ ਪਿਤਾ ਚਰਨ ਦਾਸ ਵਾਸੀ ਪਿੰਡ ਕਾਲਾ ਸੰਘਿਆਂ ਦੇ ਬਿਆਨਾਂ ’ਤੇ ਪੰਜ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਦੋਂ ਤੱਕ ਕਾਤਲਾਂ ਨੂੰ ਫੜਿਆ ਨਹੀਂ ਜਾਂਦਾ, ਉਦੋਂ ਤੱਕ ਮ੍ਰਿਤਕ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਇਸ ਮੌਕੇ ਐਸ.ਪੀ (ਡੀ) ਲਖਵੀਰ ਸਿੰਘ, ਐਸ.ਐਚ.ਓ ਬਲਜਿੰਦਰ ਸਿੰਘ ਨਕੋਦਰ, ਚੌਕੀ ਇੰਚਾਰਜ ਬਲਵੀਰ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।