November 5, 2024

ਪੁਡੂਚੇਰੀ ਤੇ ਤਾਮਿਲਨਾਡੂ ‘ਚ ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਲਿਸਟ

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (BJP) ਨੇ ਅੱਜ ਲੋਕ ਸਭਾ ਚੋਣਾਂ ਲਈ 16 ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਤਾਮਿਲਨਾਡੂ ਦੇ 15 ਅਤੇ ਪੁਡੂਚੇਰੀ ਤੋਂ 15 ਉਮੀਦਵਾਰਾਂ ਦੇ ਨਾਮ ਸ਼ਾਮਲ ਹਨ। ਪਾਰਟੀ ਵੱਲੋਂ ਜਾਰੀ ਸੂਚੀ ਅਨੁਸਾਰ ਚੇਨਈ ਉੱਤਰੀ ਤੋਂ ਆਰਸੀ ਪਾਲ ਕਾਨਾਗਰਾਜ, ਤਿਰੂਵੱਲੁਰ ਤੋਂ ਪੋਨ ਵੀ ਬਾਲਗਨਾਪਤੀ, ਤਿਰੂਵੰਨਾਮਲਾਈ ਤੋਂ ਏ ਅਸ਼ਵਥਾਮਨ, ਨਾਮਕਕਲ ਤੋਂ ਕੇਪੀ ਰਾਮਾਲਿੰਗਮ, ਤ੍ਰਿਪੁਰਾ ਤੋਂ ਏਪੀ ਮੁਰੂਗਨੰਦਮ, ਪੋਲਾਚੀ ਤੋਂ ਕੇ ਵਸੰਤਰਾਜਨ, ਕਰੂਰ ਤੋਂ ਵੀ.ਵੀ ਸੇਂਥਿਲਨਾਥਨ, ਚਿਦੰਬਰਮ ਨੂੰ ਸ਼੍ਰੀਮਤੀ ਪੀ. ਕਾਰਤਿਆਨੀ, ਨਾਗਪੱਟੀਨਮ ਤੋਂ ਐਸ ਜੀ ਰਮੇਸ਼, ਤੰਜਾਵੁਰ ਤੋਂ ਐਮ ਮੁਰੂਗਨੰਦਮ, ਸ਼ਿਵਗੰਗਈ ਤੋਂ ਦੇਵਨਾਥਨ ਯਾਦਵ, ਮਦੁਰਾਈ ਤੋਂ ਰਾਮ ਸ਼੍ਰੀਨਿਵਾਸਨ, ਵਿਰੁਧਨਗਰ ਤੋਂ ਰਾਧਿਕਾ ਸਾਰਥਕੁਮਾਰ ਅਤੇ ਟੇਨਕਾਸੀ ਤੋਂ ਬੀ ਜੌਨ ਪਾਂਡੀਅਨ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਪੁਡੂਚੇਰੀ ਦੀ ਇਕਲੌਤੀ ਲੋਕ ਸਭਾ ਸੀਟ ਤੋਂ ਬੀਜੇਪੀ ਨੇ ਏ ਨਮਾਸਿਵਾਯਮ ਨੂੰ ਟਿਕਟ ਦਿੱਤੀ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਭਾਜਪਾ ਨੇ ਸਾਬਕਾ ਰਾਜਪਾਲ ਤਿਮਿਲਸਾਈ ਸੁੰਦਰੀਆਰਾਜਨ, ਪਾਰਟੀ ਦੀ ਤਾਮਿਲਨਾਡੂ ਇਕਾਈ ਦੇ ਪ੍ਰਧਾਨ ਕੇ. ਅੰਨਾਮਾਲਾਈ ਅਤੇ ਕੇਂਦਰੀ ਮੰਤਰੀ ਐਲ ਮੁਰੂਗਨ ਸਮੇਤ ਸੂਬੇ ਦੇ ਨੌਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਇਸ ਤਰ੍ਹਾਂ ਭਾਜਪਾ ਨੇ ਤਾਮਿਲਨਾਡੂ ਲਈ ਹੁਣ ਤੱਕ 24 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਸੂਬੇ ਦੀਆਂ 39 ਲੋਕ ਸਭਾ ਸੀਟਾਂ ਲਈ ਪਹਿਲੇ ਪੜਾਅ ‘ਚ 19 ਅਪ੍ਰੈਲ ਨੂੰ ਵੋਟਿੰਗ ਹੋਵੇਗੀ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਤਾਮਿਲਨਾਡੂ ਤੋਂ ਇੱਕ ਵੀ ਸੀਟ ਨਹੀਂ ਜਿੱਤ ਸਕੀ।

ਇਸ ਤੋਂ ਪਹਿਲਾਂ ਭਾਜਪਾ ਨੇ 2 ਮਾਰਚ ਨੂੰ 195 ਲੋਕ ਸਭਾ ਸੀਟਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ, ਪਰ ਇਨ੍ਹਾਂ ਵਿੱਚੋਂ ਦੋ – ਭੋਜਪੁਰੀ ਗਾਇਕ ਅਤੇ ਅਦਾਕਾਰ ਪਵਨ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਉਪੇਂਦਰ ਰਾਵਤ ਨੇ ਵਿਵਾਦ ਪੈਦਾ ਹੋਣ ਤੋਂ ਬਾਅਦ ਆਪਣੇ ਨਾਂ ਵਾਪਸ ਲੈ ਲਏ ਸਨ। ਇਸ ਤੋਂ ਬਾਅਦ, ਭਾਜਪਾ ਨੇ 13 ਮਾਰਚ ਨੂੰ 72 ਉਮੀਦਵਾਰਾਂ ਦੀ ਦੂਜੀ ਅਤੇ 21 ਮਾਰਚ ਨੂੰ ਨੌਂ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਹੁਣ ਤੱਕ ਪਾਰਟੀ ਅਪ੍ਰੈਲ-ਮਈ ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ 290 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ। ਦੇਸ਼ ਵਿੱਚ 18ਵੀਂ ਲੋਕ ਸਭਾ ਲਈ ਚੋਣਾਂ 19 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਅਤੇ 1 ਜੂਨ ਤੱਕ ਸੱਤ ਪੜਾਵਾਂ ਵਿੱਚ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।

By admin

Related Post

Leave a Reply