Health News : ਇਸ ਗੱਲ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਤੇਜ਼ ਗਰਮੀ ਦੇ ਦਿਨਾਂ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਸਾਡੇ ਸਰੀਰ ‘ਚ ਦਾਖਲ ਹੋਣ ਲਗਦੀਆਂ ਹਨ, ਜੋ ਜ਼ਰਾ ਜਿੰਨੀ ਲਾਪ੍ਰਵਾਹੀ ਕਰਨ ਨਾਲ ਹੀ ਸਾਡੇ ਲਈ ਨਾਸੂਰ ਬਣ ਜਾਂਦੀ ਹੈ। ਜੇਕਰ ਸਮੇਂ ਰਹਿੰਦੀਆਂ ਇਨ੍ਹਾਂ ਬਿਮਾਰੀਆਂ ਦਾ ਸਹੀ ਇਲਾਜ ਨਾ ਕੀਤਾ ਜਾਵੇ ਤਾਂ ਇਹ ਸਿਹਤ ਲਈ ਬੇਹੱਦ ਖ਼ਤਰਨਾਕ ਸਾਬਿਤ ਹੋ ਸਕਦੇ ਹਨ।
ਇਸ ਵਿਸ਼ੇ ‘ਤੇ ਜ਼ਿਆਦਾਤਰ ਡਾਕਟਰਾਂ ਦਾ ਇਹੀ ਮੰਨਣਾ ਹੈ ਕਿ ਗਰਮੀਆਂ ਦੇ ਦਸਤਕ ਦਿੰਦਿਆਂ ਹੀ ਇਸ ਦੇ ਪ੍ਰਕੋਪ ਨਾਲ ਪੈਦਾ ਹੋਈ ਗਰਮੀ ਅਤੇ ਹੁੰਮਸ ਕਾਰਨ ਵਾਕਈ ਕਈ ਹੋਰ ਵੀ ਗੰਭੀਰ ਬਿਮਾਰੀਆਂ ਦਾ ਹੋਣਾ ਇਕ ਸਧਾਰਨ ਜਿਹੀ ਗੱਲ ਹੈ ਕਿਉਂਕਿ ਇਨ੍ਹਾਂ ਬਿਮਾਰੀਆਂ ਦੇ ਹੋਣ ਦੀ ਸਭ ਤੋਂ ਵੱਡੀ ਵਜ੍ਹਾਂ ਦੂਸ਼ਿਤ ਖਾਣ-ਪੀਣ ਅਤੇ ਸਾਫ਼ ਸਫ਼ਾਈ ਵੱਲ ਵਿਸ਼ੇਸ਼ ਧਿਆਨ ਨਾ ਦੇਣਾ ਹੁੰਦਾ ਹੈ। ਜੇਕਰ ਅਸੀਂ ਜ਼ਰਾ ਜਿੰਨੀ ਸਾਵਧਾਨੀ ਵਰਤਦੇ ਹੋਏ ਖਾਣ-ਪੀਣ ਦੀਆਂ ਚੀਜ਼ਾਂ ਵੱਲ ਖ਼ਾਸ ਧਿਆਨ ਰੱਖਦੇ ਹਾਂ ਤਾਂ ਇਨ੍ਹਾਂ ਬਿਮਾਰੀਆਂ ਨਾਲ ਕਾਫ਼ੀ ਹੱਦ ਤੱਕ ਬਚਾਅ ਕੀਤਾ ਜਾ ਸਕਦਾ ਹੈ।
ਉਨ੍ਹਾਂ ਬਿਮਾਰੀਆਂ ਵਿਚੋਂ ਇੱਕ ਹੈ ਪਿੱਤ ਜੋ ਵਿਅਕਤੀ ਦੇ ਸਰੀਰ ਬਹੁਤ ਜ਼ਿਆਦਾ ਖਾਰਸ਼ ਅਤੇ ਸਾੜ ਪੈਦਾ ਕਰਦੀ ਹੈ। ਝੁਲਸਦੀ ਅਤੇ ਧੁੱਪ ਦੇ ਮੌਸਮ ਭਾਵ ਸਖ਼ਤ ਗਰਮੀ ਦੇ ਦਿਨਾਂ ਵਿੱਚ ਇਹ ਪਿੱਤ ਸਭ ਤੋਂ ਜ਼ਿਆਦਾ ਗਰਦਨ, ਪੇਟ ਅਤੇ ਪਿੱਠ ‘ਤੇ ਦੇਖਣ ਨੂੰ ਮਿਲਦੀ ਹੈ। ਨਤੀਜੇ ਵਜੋਂ ਵਿਅਕਤੀ ਕੱਪੜਿਆਂ ਨੂੰ ਵੀ ਆਪਣੇ ਤਨ ਤੋਂ ਲਾਹ ਸੁਟਦੇ ਹਨ ਪਰ ਫਿਰ ਵੀ ਉਸ ਨੂੰ ਕਿਤੇ ਕੋਈ ਆਰਾਮ ਨਹੀਂ ਮਿਲਦਾ। ਇਸ ਤਰ੍ਹਾਂ ਦੇ ਬੁਰੇ ਸਮੇਂ ਵਿੱਚ ਜੇਕਰ ਤੁਸੀਂ ਤੁਰੰਤ ਆਰਾਮ ਹਾਸਲ ਕਰਨ ਦੇ ਜ਼ਿਆਦਾ ਇੱਛੁਕ ਹੋ ਤਾਂ ਹੇਠ ਲਿਖੇ ਘਰੇਲੂ ਨੁਸਖਿਆਂ ਨੂੰ ਅਮਲ ਵਿੱਚ ਲਿਆਓ ਤਾਂ ਯਕੀਨਨ ਪਿੱਤ ਦੇ ਕਸ਼ਟ ਤੋਂ ਛੁਟਕਾਰਾ ਪਾ ਸਕਦੇ ਹੋ।
ਪਿੱਤ ਦੇ ਕਸ਼ਟ ਤੋਂ ਤੁਰੰਤ ਦੂਰ ਕਰਨ ਵਾਲੇ ਕੁਝ ਅਸਰਦਾਈ ਘਰੇਲੂ ਨੁਸਖੇ
- ਗਰਮੀਆਂ ਦੇ ਦਿਨਾਂ ਵਿੱਚ ਘਰ ਵਿੱਚ ਮੌਜੂਦ ਬਰਫ਼ ਨੂੰ ਪਿੱਤ ਵਾਲੀ ਥਾਂ ‘ਤੇ ਲਗਾਉਣ ਨਾਲ ਪਿੱਤ ਖੁਦ ਠੀਕ ਹੋ ਜਾਂਦੀ ਹੈ ਅਤੇ ਵਿਅਕਤੀ ਨੂੰ ਸਰੀਰ ‘ਤੇ ਬਰਫ਼ ਮਲਣ ਦੀ ਵਜ੍ਹਾ ਕਰਕੇ ਠੰਢਕ ਵੀ ਮਿਲਦੀ ਹੈ।
- ਸਰੀਰ ‘ਤੇ ਮੁਲਤਾਨੀ ਮਿੱਟੀ ਦਾ ਲੇਪ ਲਗਾਉਣ ਨਾਲ ਪਿੱਤ ਕੁਝ ਹੀ ਦਿਨਾਂ ਵਿੱਚ ਖ਼ਤਮ ਹੋ ਜਾਂਦੀ ਹੈ।ਕਿਉਂਕਿ ਇਹ ਮੁਲਤਾਨੀ ਮਿੱਟੀ ਪਿੱਤ ਦੇ ਸਾੜ ਨੂੰ ਖ਼ਤਮ ਕਰਦੇ ਹੋਏ ਵਿਅਕਤੀ ਨੂੰ ਗਰਮੀਆਂ ਦੇ ਦਿਨਾਂ ਵਿੱਚ ਠੰਢਕ ਦਾ ਅਹਿਸਾਸ ਦਿਵਾਉਂਦੀ ਹੈ। ਪਿੱਤ ਦੇ ਨਾਲ-ਨਾਲ ਖਾਰਸ਼ ਦਾ ਵੀ ਨਾਸ਼ ਖੁਦ ਹੋ ਜਾਂਦਾ ਹੈ।
- ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ ਨਹਾਉਣ ਤੋਂ ਬਾਅਦ ਜੇਕਰ ਅਸੀਂ ਨਾਰੀਅਲ ਦੇ ਤੇਲ ਵਿੱਚ ਕਪੂਰ ਨੂੰ ਮਿਲਾ ਕੇ ਪੂਰੇ ਸਰੀਰ ‘ਤੇ ਮਾਲਿਸ ਕਰੀਏ ਤਾਂ ਇਹ ਕਸ਼ਟਦਾਈ ਪਿੱਤ ਕੁਝ ਹੀ ਦਿਨਾਂ ‘ਚ ਖ਼ਤਮ ਹੋ ਜਾਏਗੀ ਅਤੇ ਸਮੱਸਿਆ ਦਾ ਹੱਲ ਹੋ ਜਾਵੇਗਾ।
- ਸਰੀਰ ਵਿੱਚ ਪਿੱਤ ਹੋਣ ‘ਤੇ ਮਹਿੰਦੀ ਦਾ ਲੇਪ ਲਗਾਉਣ ਨਾਲ ਵੀ ਬਹੁਤ ਆਰਾਮ ਮਿਲਦਾ ਹੈ। ਨਹਾਉਂਦੇ ਸਮੇਂ ਪਾਣੀ ਵਿੱਚ ਮਹਿੰਦੀ ਦੇ ਪੱਤਿਆਂ ਨੂੰ ਪੀਹ ਕੇ ਮਿਲਾਓ। ਇਸ ਪਾਣੀ ਨਾਲ ਨਹਾਉਣ ਨਾਲ ਪਿੱਤ ਖ਼ੁਦ-ਬ-ਖ਼ੁਦ ਠੀਕ ਹੋਣ ਲਗਦੀ ਹੈ ਅਤੇ ਰੋਗੀ ਨੂੰ ਇਸ ਤੋਂ ਰਾਹਤ ਵੀ ਮਿਲਦੀ ਹੈ।
- ਗਰਮੀ ਦੇ ਦਿਨਾਂ ਵਿੱਚ ਪਿੱਤ ਦੀਆਂ ਤਕਲੀਫ਼ਾਂ ਤੋਂ ਨਿਜਾਤ ਹਾਸਲ ਕਰਨ ਲਈ ਨਿੰਮ ਦੀ ਛਿੱਲ ਜਾਂ ਪੱਤੀਆਂ ਨੂੰ ਰਗੜ ਕੇ ਚੰਦਨ ਵਾਂਗ ਸਰੀਰ ‘ਤੇ ਲਗਾਓ ਜਾਂ ਫਿਰ ਪਾਣੀ ਨਾਲ ਨਹਾਉ ਤਾਂ ਵਾਕਈ ਖ਼ੁਦ ਨੂੰ ਬਚਾਇਆ ਜਾ ਸਕਦਾ ਹੈ।
- ਚੰਦਨ ਦੇ ਪਾਊਡਰ ਨੂੰ ਪਾਊਡਰ ਦੀ ਤਰ੍ਹਾਂ ਸਰੀਰ ‘ਤੇ ਲਗਾਉਣ ਨਾਲ ਵੀ ਪਿੱਤ ਖ਼ੁਦ-ਬ-ਖ਼ੁਦ ਖ਼ਤਮ ਹੋ ਜਾਂਦੀ ਹੈ। ਇਸ ਤਰ੍ਹਾਂ ਵਿਅਕਤੀ ਨੂੰ ਸਾੜ ਤੋਂ ਛੁਟਕਾਰਾ ਮਿਲ ਜਾਂਦਾ ਹੈ। ਇਸ ਤੋਂ ਇਲਾਵਾ, ਗੁਲਾਬ ਜਲ ਵਿੱਚ ਚੰਦਨ ਅਤੇ ਕਪੂਰ ਨੂੰ ਘਸਾ ਕੇ ਪਿੱਤ ‘ਤੇ ਲਗਾਉਣ ਨਾਲ ਵੀ ਕਾਫ਼ੀ ਲਾਭ ਹੁੰਦਾ ਹੈ।
- ਅਨਾਨਾਸ ਫਲ ਵੀ ਪਿੱਤ ਦਾ ਖ਼ਾਤਮਾ ਕਰਨ ਵਿੱਚ ਕਿਸੇ ਰਾਮਾਬਾਣ ਤੋਂ ਘੱਟ ਨਹੀਂ ਹੈ। ਜੇਕਰ ਤੁਸੀਂ ਅਨਾਨਾਸ ਦੇ ਗੁੱਦੇ ਨੂੰ ਪਿੱਤ ਵਾਲੀ ਥਾਂ ‘ਤੇ ਲਗਾਓ ਤਾਂ ਬਿਨਾਂ ਸ਼ੱਕ ਇਸ ਤੋਂ ਸਾਡੇ ਸਰੀਰ ਨੂੰ ਹੋਣ ਵਾਲੀ ਤਕਲੀਫ਼ ਤੋਂ ਕਾਫ਼ੀ ਆਰਾਮ ਮਿਲੇਗਾ।
- ਜੇਕਰ ਅਸੀਂ ਗਾਂ ਜਾਂ ਮੱਝ ਦੇ ਸ਼ੁੱਧ ਦੇਸੀ ਘਿਓ ਦ ਿਸੰਪੂਰਨ ਸਰੀਰ ‘ਤੇ ਮਾਲਿਸ਼ ਕਰੀਏ ਤਾਂ ਇਹ ਘਿਓ ਪਿੱਤ ਦਾ ਨਾਸ਼ ਕਰਨ ਵਿੱਚ ਸਾਡੀ ਖ਼ੂਬ ਮਦਦ ਕਰੇਗਾ।
- ਇਸ ਤੋਂ ਇਲਾਵਾ, ਤੁਲਸੀ ਦੀ ਡੰਡੀ ਨੂੰ ਪੀਹ ਕੇ ਇਸ ਦੇ ਚੂਰਨ ਦਾ ਲੇਪ ਚੰਦਨ ਦੀ ਤਰ੍ਹਾਂ ਸਰੀਰ ‘ਤੇ ਲਗਾਉਣ ਨਾਲ ਪਿੱਤ ਕੋਹਾਂ ਦੂਰ ਹੋ ਜਾਂਦੀ ਹੈ ਜਦਕਿ ਛੋਲਿਆਂ ਦਾ ਸੱਤੂ ਵੀ ਸੰਜੀਵਨੀ ਸਾਬਿਤ ਹੁੰਦਾ ਹੈ।
- ਪਿੱਤ ਹੋਣ ‘ਤੇ ਸੱਤੂ, ਅੰਬ ਦਾ ਪੰਨਾ, ਨਿੰਬੂ ਪਾਣੀ, ਮੱਠਾ, ਲੱਸੀ ਆਦਿ ਦੀ ਰੋਜ਼ ਵਰਤੋਂ ਕਰਦੇ ਹੋਏ ਸਰੀਰ ਦੀ ਸਾਫ਼-ਸਫ਼ਾਈ ਵੱਲ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਉਦੋਂ ਇਹ ਲਾਭਕਾਰੀ ਸਾਬਿਤ ਹੋਵੇਗਾ ਅਤੇ ਪਿੱਤ ਤੋਂ ਛੁਟਕਾਰਾ ਹਾਸਲ ਕਰਨ ਵਿਚ ਬੜੀ ਸੌਖ ਹੋਵੇਗੀ।