ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਅੱਜ ਚੁੱਕਣਗੇ ਸਹੁੰ
By admin / March 3, 2024 / No Comments / Punjabi News
ਇਸਲਾਮਾਬਾਦ: ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ (Prime Minister Shahbaz Sharif) ਅੱਜ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਬੀਤੇ ਦਿਨ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਤੇ ਪਾਕਿਸਤਾਨ ਪੀਪਲਜ਼ ਪਾਰਟੀ ਵਿਚਾਲੇ ਗੱਠਜੋੜ ਦੀ ਸਰਕਾਰ ਬਣਾਉਣ ’ਤੇ ਸਹਿਮਤੀ ਬਣੀ ਸੀ।
72 ਸਾਲਾ ਸ਼ਾਹਬਾਜ਼ ਸ਼ਰੀਫ਼ ਇਸ ਤੋਂ ਪਹਿਲਾਂ ਅਪ੍ਰੈਲ 2022 ਤੋਂ ਅਗਸਤ 2023 ਤੱਕ ਪਾਕਿਸਤਾਨ ਦੀ ਕੁਲੀਸ਼ਨ ਸਰਕਾਰ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਪਾਕਿ ’ਚ ਬੀਤੇ ਮਹੀਨੇ ਹੀ ਆਮ ਚੋਣਾਂ ਹੋਈਆਂ ਸਨ।ਰਾਸ਼ਟਰਪਤੀ ਆਰਿਫ ਅਲਵੀ ਸ਼ਾਹਬਾਜ਼ ਨੂੰ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਰਾਸ਼ਟਰਪਤੀ ਭਵਨ ’ਚ ਅੱਜ ਦੁਪਹਿਰੇ ਤਿੰਨ ਵਜੇ ਪ੍ਰਧਾਨ ਮੰਤਰੀ ਵਜੋਂ ਹਲਫ਼ ਦਿਵਾਉਣਗੇ। ਇਸ ਮੌਕੇ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਤੇ ਰਾਜਪਾਲ ਸ਼ਿਰਕਤ ਕਰਨਗੇ।
ਇਸ ਤੋਂ ਪਹਿਲਾਂ ਬੀਤੇ ਦਿਨ ਸ਼ਾਹਬਾਜ ਸ਼ਰੀਫ਼ ਨੇ ਨਵੀਂ ਚੁਣੀ ਗਈ ਸੰਸਦ ’ਚ ਆਸਾਨੀ ਨਾਲ ਹੀ ਬਹੁਮਤ ਹਾਸਲ ਕਰ ਲਿਆ ਸੀ। ਪਾਕਿਸਤਾਨ ਮੁਸਲਿਮ ਲੀਗ -ਨਵਾਜ਼ ਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਸਾਂਝੇ ਉਮੀਦਵਾਰ ਸ਼ਰੀਫ਼ ਨੂੰ 336 ਮੈਂਬਰੀ ਸਦਨ ’ਚ 201 ਵੋਟਾਂ ਮਿਲੀਆਂ ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਉਮੀਦਵਾਰ ਓਮਰ ਅਯੂਬ ਖ਼ਾਨ ਜੋ ਜੇਲ੍ਹ ’ਚ ਹਨ, ਨੂੰ 92 ਵੋਟਾਂ ਮਿਲੀਆਂ ਸਨ।