ਪਾਕਿਸਤਾਨ ਦੀ ਚੋਣਾਂ ’ਚ ਆਸਿਫ ਅਲੀ ਜ਼ਰਦਾਰੀ ਦੀ ਜਿੱਤ ਲਗਭਗ ਤੈਅ
By admin / March 8, 2024 / No Comments / Punjabi News
ਇਸਲਾਮਾਬਾਦ: ਪਾਕਿਸਤਾਨ ’ਚ ਅੱਜ ਰਾਸ਼ਟਰਪਤੀ ਚੋਣਾਂ ਹੋ ਰਹੀਆਂ ਹਨ ਜਿੰਨ੍ਹਾਂ ਵਿੱਚ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ (Former President Asif Ali Zardari) ਦੀ ਜਿੱਤ ਲਗਭਗ ਤੈਅ ਮੰਨੀ ਜਾ ਰਹੀ ਹੈ। ਜੇਕਰ ਜ਼ਰਦਾਰੀ ਚੋਣ ਜਿੱਤ ਜਾਂਦੇ ਹਨ ਤਾਂ ਉਹ ਪਾਕਿਸਤਾਨ ਦੇ 14ਵੇਂ ਰਾਸ਼ਟਰਪਤੀ ਹੋਣਗੇ। ਪਾਕਿਸਤਾਨ ਦੇ ਨਵੇਂ ਰਾਸ਼ਟਰਪਤੀ ਮੌਜੂਦਾ ਡਾ. ਆਰਿਫ ਅਲਵੀ (President current Dr. Arif Alvi) ਦੀ ਥਾਂ ਲੈਣਗੇ, ਜਿਨ੍ਹਾਂ ਦਾ 5 ਸਾਲ ਦਾ ਕਾਰਜਕਾਲ ਪਿਛਲੇ ਸਾਲ ਖ਼ਤਮ ਹੋ ਗਿਆ ਸੀ।
ਕਾਰੋਬਾਰੀ ਤੋਂ ਸਿਆਸਤਦਾਨ ਬਣੇ ਜ਼ਰਦਾਰੀ ਮਰਹੂਮ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਪਤੀ ਹਨ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਸਹਿ-ਪ੍ਰਧਾਨ 68 ਸਾਲਾ ਜ਼ਰਦਾਰੀ ਨੂੰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਦਾ ਸਮਰਥਨ ਪ੍ਰਾਪਤ ਹੈ, ਜਿਸ ਦੇ ਕੋਲ ਬਹੁਮਤ ਲਈ ਲੋੜੀਂਦੀ ਗਿਣਤੀ ਹੈ। ਪਾਕਿਸਤਾਨ ਵਿਚ 8 ਫਰਵਰੀ ਦੀਆਂ ਚੋਣਾਂ ਵਿਚ ਖੰਡਿਤ ਫਤਵੇ ਤੋਂ ਬਾਅਦ ਹੋਏ ਸਮਝੌਤੇ ਦੇ ਹਿੱਸੇ ਵਜੋਂ ਜ਼ਰਦਾਰੀ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦੀ ਸੰਭਾਵਨਾ ਹੈ।
ਸਮਝੌਤੇ ਅਨੁਸਾਰ ਪੀ.ਪੀ.ਪੀ. ਨੇ ਪ੍ਰਧਾਨ ਮੰਤਰੀ ਅਹੁਦੇ ਲਈ ਪੀ.ਐੱਮ.ਐੱਲ.-ਐੱਨ. ਦੇ ਉਮੀਦਵਾਰ ਦਾ ਸਮਰਥਨ ਕੀਤਾ ਅਤੇ ਮਰੀਅਮ ਨਵਾਜ਼ ਨੂੰ ਪੰਜਾਬ ਸੂਬੇ ’ਚ ਸਰਕਾਰ ਬਣਾਉਣ ਦਾ ਮੌਕਾ ਮਿਲਿਆ। ਓਧਰ ਪੀ.ਐੱਮ.ਐੱਲ-ਐੱਨ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਜ਼ਰਦਾਰੀ ਦਾ ਸਮਰਥਨ ਕੀਤਾ ਅਤੇ ਸਿੰਧ ਸੂਬਾ ਪੀ.ਪੀ.ਪੀ. ਦੇ ਹਿੱਸੇ ਵਿਚ ਆਇਆ। ਜ਼ਰਦਾਰੀ ਇਸ ਤੋਂ ਪਹਿਲਾਂ 2008 ਤੋਂ 2013 ਤੱਕ ਪਾਕਿਸਤਾਨ ਦੇ ਰਾਸ਼ਟਰਪਤੀ ਰਹਿ ਚੁੱਕੇ ਹਨ ਅਤੇ ਦੂਜੀ ਵਾਰ ਰਾਸ਼ਟਰਪਤੀ ਚੁਣੇ ਜਾਣ ਵਾਲੇ ਪਹਿਲੇ ਪਾਕਿਸਤਾਨੀ ਨਾਗਰਿਕ ਵੀ ਹੋਣਗੇ।
ਪਸ਼ਤੂਨਖਵਾ ਮਿੱਲੀ ਅਵਾਮੀ ਪਾਰਟੀ ਦੇ ਮੁਖੀ ਮਹਿਮੂਦ ਖਾਨ ਅਚਕਜ਼ਈ ਜ਼ਰਦਾਰੀ ਨੂੰ ਚੁਣੌਤੀ ਦੇ ਰਹੇ ਹਨ, ਜੋ ਸੁੰਨੀ ਇਤੇਹਾਦ ਕੌਂਸਲ ਤੋਂ ਚੋਣ ਲੜ ਰਹੇ ਹਨ। ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਸੁੰਨੀ ਇਤੇਹਾਦ ਕੌਂਸਲ ਵਿਚ ਸ਼ਾਮਲ ਹੋਣ ਤੋਂ ਬਾਅਦ ਇਹ ਪ੍ਰੀਸ਼ਦ ਪ੍ਰਮੁੱਖਤਾ ਨਾਲ ਸਾਹਮਣੇ ਆਈ ਹੈ। ਪੀ.ਪੀ.ਪੀ. ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਪਿਤਾ ਆਸਿਫ਼ ਅਲੀ ਜ਼ਰਦਾਰੀ ਪੰਜਾਬ ਦੇ ਸੰਸਦ ਮੈਂਬਰਾਂ ਦੀ ਉਸੇ ਤਰ੍ਹਾਂ ਹੀ ਦੇਖ਼ਭਾਲ ਕਰਨਗੇ, ਜਿਸ ਤਰ੍ਹਾਂ ਉਹ ਉਨ੍ਹਾਂ ਦੀ ਦੇਖ਼ਭਾਲ ਕਰਦੇ ਹਨ।