ਇਸਲਾਮਾਬਾਦ: ਬਲੋਚਿਸਤਾਨ ‘ਚ ਜੇਲ੍ਹ ‘ਚ ਬੰਦ ਪਾਕਿਸਤਾਨ (Pakistan) ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Former PM Imran Khan) ਦੀ ਪਾਰਟੀ ਦੀ ਇਕ ਰੈਲੀ ‘ਚ ਹੋਏ ਧਮਾਕੇ ‘ਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਸਿਬੀ ਸ਼ਹਿਰ ਦੇ ਜਿਨਾਹ ਰੋਡ ‘ਤੇ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਦੇ ਨੈਸ਼ਨਲ ਅਸੈਂਬਲੀ ਉਮੀਦਵਾਰ ਦੀ ਚੋਣ ਰੈਲੀ ਲੰਘ ਰਹੀ ਸੀ। ਸਿਬੀ ਦੇ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਬਾਬਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖ਼ਮੀ ਹੋਏ ਹਨ।
ਉਨ੍ਹਾਂ ਦੱਸਿਆ ਕਿ ਪੀੜਤਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਹਮਲੇ ਵਾਲੀ ਥਾਂ ‘ਤੇ ਪਹੁੰਚ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੀਟੀਆਈ ਪਾਰਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਧਮਾਕਾ ਪਾਰਟੀ ਸਮਰਥਿਤ ਉਮੀਦਵਾਰ ਸੱਦਾਮ ਤਰੀਨ ਦੀ ਚੋਣ ਰੈਲੀ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ, ਜੋ ਹਲਕੇ ਤੋਂ ਆਗਾਮੀ ਚੋਣਾਂ ਲੜ ਰਹੇ ਹਨ।
ਪਾਰਟੀ ਨੇ ਦਾਅਵਾ ਕੀਤਾ ਕਿ ਪੀੜਤ ਉਸ ਦੇ ਵਰਕਰ ਸਨ। ਪਾਰਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇੱਕ ਪੋਸਟ ਵਿੱਚ ਕਿਹਾ, “ਅਸੀਂ ਇਸ ਦਿਲ ਦਹਿਲਾਉਣ ਵਾਲੀ ਘਟਨਾ ਦੀ ਸਖ਼ਤ ਨਿੰਦਾ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ਪੀਟੀਆਈ ਵਰਕਰਾਂ ਦੀ ਬਜਾਏ ਅੱਤਵਾਦੀਆਂ ਨੂੰ ਖਤਮ ਕਰਨ ‘ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ।”
The post ਪਾਕਿਸਤਾਨ ‘ਚ ਚੋਣਾਂ ਤੋਂ ਪਹਿਲਾਂ ਵੱਡਾ ਬੰਬ ਧਮਾਕਾ, 4 ਨੇਤਾਵਾਂ ਦੀ ਮੌਤ appeared first on Time Tv.